10 ਮਾਰਚ ਤੋਂ ਘਰੇਲੂ ਉਡਾਣਾਂ ਲਈ ਖੁੱਲ੍ਹੇਗਾ ਮੁੰਬਈ ਹਵਾਈ ਅੱਡੇ ਦਾ ਟਰਮੀਨਲ-1
Tuesday, Mar 09, 2021 - 10:28 AM (IST)

ਨਵੀਂ ਦਿੱਲੀ- 10 ਮਾਰਚ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਦਾ ਟਰਮੀਨਲ-1 ਖੁੱਲ੍ਹ ਜਾਵੇਗਾ। ਇੱਥੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਹੁਣ ਤੋਂ ਪਹਿਲਾਂ ਸਾਰੀਆਂ ਉਡਾਣਾਂ ਟਰਮੀਨਲ-2 ਤੋਂ ਚੱਲ ਰਹੀਆਂ ਸਨ। ਟਰਮੀਨਲ-1 ਖੁੱਲ੍ਹਣ ਨਾਲ ਘਰੇਲੂ ਉਡਾਣਾਂ ਦੇ ਯਾਤਰੀਆਂ ਨੂੰ ਫਾਇਦਾ ਹੋਵੇਗਾ। ਇਸ ਤੋਂ ਦਿਨ ਵਿਚ ਤਕਰੀਬਨ 27 ਥਾਵਾਂ ਲਈ 102 ਫਲਾਈਟਸ ਉਡਾਣਾਂ ਭਰਨਗੀਆਂ।
ਮਾਰਚ 2020 ਵਿਚ ਕੋਰੋਨਾ ਤਾਲਾਬੰਦੀ ਦੀ ਵਜ੍ਹਾ ਨਾਲ ਟਰਮੀਨਲ-1 ਤੋਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਹੁਣ ਤਕਰੀਬਨ ਇਕ ਸਾਲ ਮਗਰੋਂ ਇਹ ਖੁੱਲ੍ਹ ਰਿਹਾ ਹੈ। 10 ਮਾਰਚ 2021 ਦੀ ਅੱਧੀ ਰਾਤ ਤੋਂ ਮੁੰਬਈ ਹਵਾਈ ਅੱਡੇ ਦੇ ਟਰਮੀਨਲ-1 ਤੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਇਸ ਟਰਮੀਨਲ ਤੋਂ ਗੋਏਅਰ, ਸਟਾਰ ਏਅਰ, ਏਅਰ ਏਸ਼ੀਆ ਅਤੇ ਟਰੂਜੈੱਟ ਉਡਾਣਾਂ ਸ਼ੁਰੂ ਕਰ ਸਕਣਗੀਆਂ। ਇਸ ਨਾਲ ਯਾਤਰੀਆਂ ਨੂੰ ਵੀ ਆਸਾਨੀ ਹੋਵੇਗੀ। ਮੁੰਬਈ ਵਿਚ ਸਾਰੀਆਂ ਕੌਮਾਂਤਰੀ ਉਡਾਣ ਸੇਵਾਵਾਂ ਟਰਮੀਨਲ-2 ਤੋਂ ਹੀ ਦਿੱਤੀਆਂ ਜਾਣਗੀਆਂ।