ਈਰਾਨ-US 'ਚ ਤਣਾਤਣੀ ਨਾਲ 90 ਰੁ: 'ਤੇ ਜਾਵੇਗਾ ਪੈਟਰੋਲ, ਜਾਣੋ ਕੀ ਹੈ ਵਜ੍ਹਾ

01/05/2020 9:01:45 AM

ਨਵੀਂ ਦਿੱਲੀ— ਯੂ. ਐੱਸ. ਦੇ ਹਵਾਈ ਹਮਲੇ 'ਚ ਈਰਾਨੀ ਫੌਜੀ ਦੇ ਟਾਪ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਬ੍ਰੈਂਟ ਕਰੂਡ (ਕੱਚੇ ਤੇਲ) ਦੀ ਕੀਮਤ 3.6 ਫੀਸਦੀ ਵੱਧ ਕੇ 68.60 ਡਾਲਰ ਪ੍ਰਤੀ ਬੈਰਲ ਹੋ ਗਈ। ਰੁਪਿਆ ਵੀ 42 ਪੈਸੇ ਦੀ ਗਿਰਾਵਟ ਨਾਲ ਡੇਢ ਮਹੀਨੇ ਦੇ ਹੇਠਲੇ ਪੱਧਰ 71.80 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਕੱਚੇ ਤੇਲ ਦੀਆਂ ਕੀਮਤਾਂ ਵਧਣ ਤੇ ਰੁਪਏ 'ਚ ਗਿਰਾਵਟ ਤੋਂ ਬਾਅਦ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਸਕਦਾ ਹੈ। ਜੇਕਰ ਈਰਾਨ ਅਮਰੀਕਾ ਦੇ ਵਿਰੁੱਧ ਜਵਾਬੀ ਕਾਰਵਾਈ ਕਰਦਾ ਹੈ ਤਾਂ ਕੱਚੇ ਤੇਲ ਦੀ ਕੀਮਤ ਜਲਦ 75 ਡਾਲਰ ਤੋਂ 78 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਇਸ ਨਾਲ ਡਾਲਰ ਦੇ ਮੁਕਾਬਲੇ ਰੁਪਿਆ 75 ਦੇ ਪੱਧਰ 'ਤੇ ਖਿਸਕ ਸਕਦਾ ਹੈ। ਅਜਿਹਾ ਹੁੰਦਾ ਹੈ ਤਾਂ ਪੈਟਰੋਲ ਦੀ ਕੀਮਤ ਇਕ ਵਾਰ ਫਿਰ 90 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਸਕਦੀ ਹੈ।
 

ਕਿਉਂ ਮਹਿੰਗਾ ਹੋ ਸਕਦਾ ਹੈ ਤੇਲ?

PunjabKesari
ਈਰਾਨ-ਯੂ. ਐੱਸ. ਦੋਵੇਂ ਹੀ ਦੇਸ਼ ਵਿਸ਼ਵ ਦੇ ਪ੍ਰਮੁੱਖ ਤੇਲ ਸਪਲਾਈਕਰਤਾ ਹਨ। ਯੂ. ਐੱਸ. ਦੀ ਪਾਬੰਦੀ ਕਾਰਨ ਮੌਜੂਦਾ ਸਮੇਂ ਈਰਾਨ ਦੀ ਤੇਲ ਸਪਲਾਈ ਪਹਿਲਾਂ ਹੀ ਬਹੁਤ ਘੱਟ ਹੋ ਚੁੱਕੀ ਹੈ। ਜੰਗ ਦੀ ਸਥਿਤੀ ਬਣਦੀ ਹੈ ਤਾਂ ਸਪਲਾਈ ਹੋਰ ਘੱਟ ਹੋ ਸਕਦੀ ਹੈ। ਮਿਡਲ ਈਸਟ ਦੇ ਹੋਰ ਤੇਲ ਉਤਪਾਦਕ ਦੇਸ਼ਾਂ ਦੀ ਸਪਲਾਈ 'ਤੇ ਵੀ ਇਸ ਨਾਲ ਫਰਕ ਪਵੇਗਾ ਕਿਉਂਕਿ ਇਹ ਦੇਸ਼ ਜਿਸ ਮਾਰਗ ਰਾਹੀਂ ਤੇਲ ਦੀ ਸਪਲਾਈ ਕਰਦੇ ਹਨ ਉਹ ਰੂਟ ਵੀ ਈਰਾਨ ਦੀ ਸਮੁੰਦਰੀ ਸਰੱਹਦ 'ਚੋਂ ਲੰਘਦਾ ਹੈ। ਜੰਗੀ ਹਾਲਾਤ 'ਚ ਈਰਾਨ ਇਹ ਮਾਰਗ ਬੰਦ ਕਰ ਸਕਦਾ ਹੈ। ਇਨ੍ਹਾਂ ਖਦਸ਼ਿਆਂ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਹੋਰ ਮਹਿੰਗਾ ਹੋ ਸਕਦਾ ਹੈ। ਭਾਰਤ ਆਪਣੀ ਪੈਟਰੋਲੀਅਮ ਪਦਾਰਥਾਂ ਦੀ ਜ਼ਰੂਰਤ ਦਾ 85 ਫੀਸਦੀ ਦਰਾਮਦ ਕਰਦਾ ਹੈ।

ਹਾਲਾਂਕਿ, ਜੇਕਰ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਕੁਝ ਦਿਨਾਂ ਵਿਚ ਖਤਮ ਹੋ ਜਾਂਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਵੱਡਾ ਵਾਧਾ ਨਹੀਂ ਹੋਵੇਗਾ ਪਰ ਜੇਕਰ ਤਣਾਅ ਵਧਦਾ ਹੈ, ਤਾਂ ਅਗਲੇ 2-3 ਮਹੀਨਿਆਂ ਤਕ ਲੋਕਾਂ ਨੂੰ ਪੈਟਰੋਲ-ਡੀਜ਼ਲ ਲਈ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਇਸ ਤੋਂ ਮਗਰੋਂ ਸਥਿਤੀ 'ਚ ਸੁਧਾਰ ਹੋ ਸਕਦਾ ਹੈ ਕਿਉਂਕਿ ਕੱਚੇ ਤੇਲ ਦੀ ਸਪਲਾਈ ਵਿਚ ਕਮੀ ਆਉਣ 'ਤੇ ਅਮਰੀਕਾ, ਰੂਸ ਤੇ ਹੋਰ ਤੇਲ ਬਰਾਮਦ ਕਰਨ ਵਾਲੇ ਦੇਸ਼ ਸਪਲਾਈ ਵਧਾ ਸਕਦੇ ਹਨ।


Related News