ਮਿੱਤਲ ਬੋਲੇ- 'ਭਾਰਤ 'ਚ ਡਾਟਾ ਹੁਣ ਵੀ ਸਸਤਾ, ਸਰਕਾਰੀ ਮਦਦ ਦੀ ਲੋੜ'
Tuesday, Jul 28, 2020 - 03:09 PM (IST)
ਨਵੀਂ ਦਿੱਲੀ— ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਮੰਗਲਵਾਰ ਨੂੰ ਕਿਹਾ ਕਿ ਦੂਰਸੰਚਾਰ ਖੇਤਰ 'ਚ ਮੁਸ਼ਕਲਾਂ ਦਾ ਦੌਰ ਬਰਕਰਾਰ ਹੈ। ਸਰਕਾਰ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਝਗੜਿਆਂ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੂਰਸੰਚਾਰ ਖੇਤਰ ਨੂੰ ਠੇਸ ਪਹੁੰਚਾਉਣ ਵਾਲੇ ਕਾਨੂੰਨੀ ਵਿਵਾਦਾਂ ਨੂੰ ਬੰਦ ਕਰਨਾ ਚਾਹੀਦਾ ਹੈ, ਤਾਂ ਜੋ ਇਹ ਖੇਤਰ ਪੂਰੀ ਤਰ੍ਹਾਂ ਉਭਰ ਸਕੇ।
ਮਿੱਤਲ ਨੇ ਕਿਹਾ ਕਿ ਦੂਰਸੰਚਾਰ ਖੇਤਰ ਦੇ ਵੱਖ-ਵੱਖ ਟੈਕਸਾਂ ਨੂੰ ਤਰਕੰਸਗਤ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਦੂਰਸੰਚਾਰ ਉਦਯੋਗ ਦਾ ਸਭ ਤੋਂ ਬੁਰਾ ਦੌਰ ਨਿਕਲ ਚੁੱਕਾ ਹੈ ਪਰ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਖੇਤਰ ਪੂਰੀ ਤਰ੍ਹਾਂ ਨਾਲ ਸਮੱਸਿਆਂ ਤੋਂ ਛੁਟਕਾਰਾ ਪਾ ਚੁੱਕਾ ਹੈ।
ਕੰਪਨੀ ਦੀ ਵਿੱਤੀ ਸਾਲ 2019-20 ਦੀ ਸਾਲਾਨਾ ਰਿਪੋਰਟ 'ਚ ਮਿੱਤਲ ਨੇ ਕਿਹਾ, ''ਭਾਰਤ 'ਚ ਹੁਣ ਵੀ ਦੁਨੀਆਭਰ ਦੇ ਲਿਹਾਜ ਨਾਲ ਡਾਟਾ 'ਤੇ ਸਭ ਤੋਂ ਘੱਟ ਚਾਰਜ ਲਿਆ ਜਾਂਦਾ ਹੈ, ਅਜਿਹੇ 'ਚ ਉਦਯੋਗ ਮੁਸ਼ਕਲ ਨਾਲ ਹੀ ਆਪਣੀ ਲੱਗੀ ਲਾਗਤ ਨੂੰ ਵਸੂਲ ਪਾ ਰਿਹਾ ਹੈ।
ਦੂਰਸੰਚਾਰ ਉਦਯੋਗ ਨੂੰ ਇਸ ਵਿੱਤੀ ਨੁਕਸਾਨ ਦੀ ਭਰਪਾਈ ਅਤੇ ਭਵਿੱਖ 'ਚ ਤਕਨਾਲੋਜੀ 'ਤੇ ਖਰਚ ਕਰਨ ਦੇ ਲਾਇਕ ਬਣਾਉਣ ਲਈ ਸਮਰਥਨ ਦੀ ਜ਼ਰੂਰਤ ਹੈ।'' ਸੁਨੀਲ ਮਿੱਤਲ ਨੇ ਕਿਹਾ ਕਿ ਹਾਲ 'ਚ ਟੈਰਿਫਾਂ 'ਚ ਵਾਧੇ ਨਾਲ ਬੇਸ਼ੱਕ ਉਦਯੋਗ ਨੂੰ ਕੁਝ ਆਸਰਾ ਮਿਲਿਆ ਹੈ ਪਰ ਇਹ ਅਜੇ ਵੀ ਉਦਯੋਗ ਨੂੰ ਵਿਵਹਾਰਕ ਤੌਰ 'ਤੇ ਬਣਾਈ ਰੱਖਣ ਦੇ ਲਿਹਾਜ ਨਾਲ ਕਾਫ਼ੀ ਘੱਟ ਹੈ। ਉੱਥੇ ਹੀ, ਕੋਵਿਡ-19 ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਸਥਿਤੀ ਤੋਂ ਉਭਰਨ ਦਾ ਰਸਤਾ ਲੰਬਾ ਹੋਵੇਗਾ। ਹਾਲਾਂਕਿ, ਉਮੀਦ ਹੈ ਕਿ ਇਸ ਮਹਾਮਾਰੀ ਦੀ ਦਵਾਈ ਜਲਦ ਹੀ ਉਪਲਬਧ ਹੋਵੇਗੀ ਪਰ ਦੁਨੀਆ ਨੂੰ ਨਵੇਂ ਹਾਲਾਤ ਨਾਲ ਤਾਲਮੇਲ ਬਿਠਾਉਣਾ ਹੋਵੇਗਾ।