ਦੂਰਸੰਚਾਰ ਕੰਪਨੀਆਂ ਨੂੰ ਅੰਤਰਰਾਸ਼ਟਰੀ ਕਾਲ ਅਤੇ ਸੰਦੇਸ਼ 2 ਸਾਲ ਤੱਕ ‘ਸੁਰੱਖਿਅਤ’ ਰੱਖਣੇ ਹੋਣਗੇ : ਸਰਕਾਰ
Monday, Jan 31, 2022 - 07:55 PM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਇਕੋ ਜਿਹੇ ਦੂਰਸੰਚਾਰ ਨੈੱਟਵਰਕ ਨਾਲ ਹੀ ਇੰਟਰਨੈੱਟ ਦੇ ਜ਼ਰੀਏ ਵਿਦੇਸ਼ ਤੋਂ ਕੀਤੀ ਜਾਣ ਵਾਲੀ ਕਾਲ, ਸੈਟੇਲਾਈਟ ਫੋਨ ਕਾਲ , ਕਾਨਫਰੰਸ ਕਾਲ ਤੇ ਸੰਦੇਸ਼ਾਂ ਨੂੰ ਘੱਟੋ-ਘੱਟ 2 ਸਾਲ ਲਈ ਸੁਰੱਖਿਅਤ (ਸਟੋਰ) ਰੱਖਣ ਨੂੰ ਲਾਜ਼ਮੀ ਕਰ ਦਿੱਤਾ ਹੈ। ਦੂਰਸੰਚਾਰ ਵਿਭਾਗ ਵੱਲੋਂ ਜਾਰੀ ਇਕ ਸਰਕੂਲਰ ’ਚ ਦੂਰਸੰਚਾਰ ਆਪ੍ਰੇਟਰਾਂ ਲਈ ਅੰਤਰਰਾਸ਼ਟਰੀ ਕਾਲ ਤੇ ਸੰਦੇਸ਼ਾਂ ਨੂੰ ਲਾਜ਼ਮੀ ਰੂਪ ਨਾਲ ਸੁਰੱਖਿਅਤ ਰੱਖਣ ਬਾਰੇ ਹੁਕਮ ਜਾਰੀ ਕੀਤਾ ਗਿਆ ਹੈ।
ਦੂਰਸੰਚਾਰ ਵਿਭਾਗ ਨੇ ਇਹ ਕਦਮ ਪਿਛਲੇ ਦਸੰਬਰ ’ਚ ਸਿੰਗਲ ਲਾਇਸੈਂਸ ’ਚ ਕੀਤੀ ਗਈ ਸੋਧ ਤੋਂ ਬਾਅਦ ਚੁੱਕਿਆ ਹੈ, ਜਿਸ ’ਚ ਕਾਲ ਡੇਟਾ ਰਿਕਾਰਡ ਤੋਂ ਇਲਾਵਾ ਇੰਟਰਨੈੱਟ ਬਿਓਰੇ ਨੂੰ 2 ਸਾਲ ਲਈ ਸੁਰੱਖਿਅਤ ਰੱਖਣਾ ਲਾਜ਼ਮੀ ਕੀਤਾ ਗਿਆ ਸੀ। ਪਹਿਲਾਂ ਇਹ ਵਿਵਸਥਾ ਸਿਰਫ 1 ਸਾਲ ਲਈ ਹੀ ਲਾਗੂ ਸੀ। ਸਿੰਗਲ ਲਾਇਸੈਂਸਧਾਰਕ ਕੰਪਨੀਆਂ ’ਚ ਭਾਰਤੀ ਏਅਰਟੈੱਲ, ਰਿਲਾਇੰਸ ਜਿਓ, ਵੋਡਾਫੋਨ ਜਿਓ, ਬੀ. ਐੱਸ. ਐੱਨ. ਐੱਲ. ਹਨ। ਉਹ ਆਪਣੇ ਗਾਹਕਾਂ ਨੂੰ ਸੈਟੇਲਾਈਟ ਫੋਨ ਸੇਵਾਵਾਂ ਨੂੰ ਛੱਡ ਕੇ ਸਾਰੇ ਤਰ੍ਹਾਂ ਦੀਆਂ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਦੀਆਂ ਹਨ।