ਬਿਨਾਂ ਪੈਨ ਕਾਰਡ ਦੇ EPF ਤੋਂ ਪੈਸੇ ਕਢਵਾਉਣ ''ਤੇ ਹੁਣ 20 ਫ਼ੀਸਦੀ TDS
Friday, Feb 03, 2023 - 03:16 PM (IST)
ਬਿਜ਼ਨੈੱਸ ਡੈਸਕ- ਜੇਕਰ ਤੁਸੀਂ ਬਿਨਾਂ ਪੈਨ ਕਾਰਡ ਦੇ ਈ.ਪੀ.ਐੱਫ ਤੋਂ ਪੈਸੇ ਕਢਵਾਉਂਦੇ ਹੋ ਤਾਂ ਹੁਣ ਤੁਹਾਡੇ 'ਤੇ 20 ਫ਼ੀਸਦੀ ਟੈਕਸ ਲੱਗੇਗਾ, ਜੋ ਪਹਿਲਾਂ 30 ਫ਼ੀਸਦੀ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਬਜਟ 'ਚ ਇਸ ਦਾ ਐਲਾਨ ਕੀਤਾ। ਕਰਮਚਾਰੀ ਭਵਿੱਖ ਨਿਧੀ ਤੋਂ ਨਿਕਾਸੀ 'ਤੇ ਕੱਟੇ ਗਏ ਟੈਕਸ 'ਚ ਇਹ ਕਮੀ ਉਨ੍ਹਾਂ ਤਨਖਾਹਦਾਰਾਂ ਦੀ ਮਦਦ ਕਰਨ ਵਾਲੀ ਹੈ ਜਿਨ੍ਹਾਂ ਦਾ ਪੈਨ ਈ.ਪੀ.ਐੱਫ.ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਰਿਕਾਰਡ 'ਚ ਅਪਡੇਟ ਨਹੀਂ ਕੀਤਾ ਗਿਆ ਹੈ।
ਮੌਜੂਦਾ ਇਨਕਮ ਟੈਕਸ ਕਾਨੂੰਨਾਂ ਦੇ ਅਨੁਸਾਰ, ਖਾਤਾ ਖੋਲ੍ਹਣ ਦੇ ਪੰਜ ਸਾਲਾਂ ਦੇ ਅੰਦਰ ਈ.ਪੀ.ਐੱਫ. ਕਢਵਾਉਣ 'ਤੇ ਟੀ.ਡੀ.ਐੱਸ ਕੱਟਿਆ ਜਾਂਦਾ ਹੈ। ਜੇਕਰ ਈ.ਪੀ.ਐੱਫ.ਓ. ਕੋਲ ਪੈਨ ਉਪਲਬਧ ਹੈ, ਤਾਂ ਨਿਕਾਸੀ ਦੀ ਰਕਮ 50,000 ਰੁਪਏ ਤੋਂ ਵੱਧ ਹੋਣ 'ਤੇ 10 ਫ਼ੀਸਦੀ ਦੀ ਦਰ ਨਾਲ ਟੀ.ਡੀ.ਐੱਸ ਕੱਟਿਆ ਜਾਂਦਾ ਹੈ। ਹਾਲਾਂਕਿ, ਇਸ ਦੇ ਰਿਫੰਡ ਦਾ ਦਾਅਵਾ ਤੁਸੀਂ ਕਰ ਸਕਦੇ ਹੋ।
ਬਜਟ 2023 ਦੇ ਅਨੁਸਾਰ, ਘੱਟ ਤਨਖਾਹ ਪਾਉਣ ਵਾਲੇ ਕਈ ਕਰਮਚਾਰੀਆਂ ਕੋਲ ਪੈਨ ਨਹੀਂ ਹੈ ਅਤੇ ਇਸ ਤਰ੍ਹਾਂ ਧਾਰਾ 192ਏ ਦੇ ਤਹਿਤ ਉਨ੍ਹਾਂ ਦੇ ਮਾਮਲਿਆਂ 'ਚ ਵੱਧ ਤੋਂ ਵੱਧ ਦਰ 'ਤੇ ਟੀ.ਡੀ.ਐੱਸ ਕੱਟਿਆ ਜਾ ਰਿਹਾ ਹੈ। ਪੈਨ ਦੇਣ 'ਚ ਅਸਫ਼ਲ ਰਹਿਣ ਦੀ ਸਥਿਤੀ 'ਚ, 10 ਫ਼ੀਸਦੀ ਘੱਟ ਟੈਕਸ ਕੱਟਿਆ ਜਾਵੇਗਾ। ਇੱਕ ਈ.ਪੀ.ਐੱਫ ਖਾਤਾ ਧਾਰਕ ਈ.ਪੀ.ਐੱਫ.ਓ. ਨੂੰ ਫਾਰਮ 15ਐੱਚ ਜਾਂ ਫਾਰਮ 15ਜੀ ਜਮ੍ਹਾ ਕਰ ਸਕਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਈ.ਪੀਐੱਫ ਖਾਤੇ ਤੋਂ ਕਢਵਾਉਣ 'ਤੇ ਕੋਈ ਟੀ.ਡੀ.ਐੱਸ ਨਹੀਂ ਕੱਟਿਆ ਜਾਂਦਾ ਹੈ। ਫਾਰਮ 15ਜੀ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਹੈ ਅਤੇ ਫਾਰਮ 15ਐੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ।
ਪੰਜ ਸਾਲ ਤੋਂ ਪਹਿਲਾਂ ਕੱਢਾਂਗੇ ਤਾਂ ਟੀ.ਡੀ.ਐੱਸ. ਲੱਗੇਗਾ
ਜੇਕਰ 5 ਸਾਲ ਪੂਰੇ ਹੋਣ ਤੋਂ ਪਹਿਲਾਂ ਈ.ਪੀ.ਐੱਫ ਤੋਂ 50 ਹਜ਼ਾਰ ਰੁਪਏ ਤੋਂ ਘੱਟ ਕਢਵਾਏ ਜਾਂਦੇ ਹਨ, ਤਾਂ ਟੀ.ਡੀ.ਐੱਸ ਨਹੀਂ ਕੱਟਿਆ ਜਾਂਦਾ ਹੈ, ਪਰ ਜੇਕਰ 5 ਸਾਲ ਪੂਰੇ ਹੋਣ ਤੋਂ ਪਹਿਲਾਂ 50 ਹਜ਼ਾਰ ਰੁਪਏ ਤੋਂ ਵੱਧ ਕਢਵਾਏ ਜਾਂਦੇ ਹਨ, ਤਾਂ ਟੀ.ਡੀ.ਐੱਸ ਕੱਟਿਆ ਜਾਵੇਗਾ। ਜੇਕਰ ਕੋਈ ਨੌਕਰੀ ਬਦਲਦਾ ਹੈ ਅਤੇ ਪੁਰਾਣੇ ਈ.ਪੀ.ਐੱਫ ਨਾਲ ਜਾਰੀ ਰੱਖਦਾ ਹੈ, ਤਾਂ ਕਢਵਾਉਣ 'ਤੇ ਟੀ.ਡੀ.ਐੱਸ ਨਹੀਂ ਕੱਟਿਆ ਜਾਂਦਾ, ਬਸ਼ਰਤੇ 5 ਸਾਲ ਅਤੇ 50,000 ਰੁਪਏ ਦੀ ਸ਼ਰਤ ਪੂਰੀ ਹੋ ਰਹੀ ਹੋਵੇ।