IT ਵਿਭਾਗ ਵੱਲੋਂ ਵਿਦੇਸ਼ ਪੈਸੇ ਭੇਜਣ ਲਈ ਟੈਕਸ ਫਾਰਮ ਹੱਥੀਂ ਭਰਨ ਦੀ ਮਨਜ਼ੂਰੀ
Monday, Jun 14, 2021 - 10:22 PM (IST)
ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਸੋਮਵਾਰ ਨੂੰ ਕੁਝ ਫਾਰਮ ਹੱਥ ਨਾਲ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਨਵਾਂ ਫਾਈਲਿੰਗ ਪੋਰਟਲ ਲਾਂਚ ਕਰਨ ਦੇ ਇਕ ਹਫ਼ਤੇ ਬਾਅਦ ਵੀ ਤਕਨੀਕੀ ਪ੍ਰੇਸ਼ਾਨੀਆਂ ਜਾਰੀ ਰਹਿਣ ਵਿਚਕਾਰ ਇਹ ਪ੍ਰਵਾਨਗੀ ਦਿੱਤੀ ਗਈ ਹੈ। ਵਿਭਾਗ ਨੇ ਇਕ ਸਰਕੂਲਰ ਜਾਰੀ ਕਰਕੇ ਬੈਂਕ ਕੋਲ 30 ਜੂਨ ਤੱਕ ਫਾਰਮ 15 ਸੀ. ਏ./15 ਸੀ. ਬੀ. (ਵਿਦੇਸ਼ਾਂ ਵਿਚ ਪੈਸਾ ਭੇਜਣ ਲਈ ਜ਼ਰੂਰੀ) ਹੱਥ ਨਾਲ ਭਰਨ ਦੀ ਮਨਜ਼ੂਰੀ ਦਿੱਤੀ ਹੈ, ਤਾਂ ਜੋ ਕੰਮਕਾਜ ਨੂੰ ਲੈ ਕੇ ਲੈਣ-ਦੇਣ ਸੁਚਾਰੂ ਚੱਲਦਾ ਰਹੇ।
ਇਨ੍ਹਾਂ ਫਾਰਮਾਂ ਨੂੰ ਬਾਅਦ ਵਿਚ ਈ-ਫਾਈਲਿੰਗ ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ। ਨਵਾਂ ਪੋਰਟਲ www.incometax.gov.in 7 ਜੂਨ ਨੂੰ ਲਾਂਚ ਕੀਤਾ ਗਿਆ ਸੀ।
ਪੋਰਟਲ 'ਤੇ ਕੰਮ ਵਿਚ ਤਕਨੀਕੀ ਸਮੱਸਿਆਵਾਂ ਬਾਰੇ ਸ਼ਿਕਾਇਤਾਂ ਪਹਿਲੇ ਦਿਨ ਤੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸਨ। ਸ਼ਿਕਾਇਤਾਂ ਇਕ ਹਫ਼ਤੇ ਬਾਅਦ ਵੀ ਜਾਰੀ ਹਨ। ਚਾਰਟਰਡ ਅਕਾਉਂਟੈਂਟਸ ਅਨੁਸਾਰ, ਟੈਕਸਦਾਤਾ ਪਿਛਲੀ ਵਾਰ ਈ-ਫਾਈਲ ਕੀਤੀ ਰਿਟਰਨ ਨੂੰ ਨਹੀਂ ਦੇਖ ਪਾ ਰਹੇ ਹਨ। ਕਈ ਸਹੂਲਤਾਂ ਅਜੇ ਸ਼ੁਰੂ ਨਹੀਂ ਹੋਈਆਂ। ਇਸ 'ਤੇ ਲਿਖਿਆ ਆ ਰਿਹਾ ਹੈ ਕਿ 'ਕਮਿੰਗ ਸੂਨ' ਭਾਵ ਜਲਦ ਹੀ ਇਹ ਸ਼ੁਰੂ ਹੋ ਜਾਵੇਗਾ। ਵਿਭਾਗ ਨੇ ਕਿਹਾ, "ਪੋਰਟਲ 'ਤੇ ਇਨਕਮ ਟੈਕਸ ਫਾਰਮ 15 ਸੀ. ਏ./15 ਸੀ. ਬੀ. ਭਰਨ ਵਿਚ ਟੈਕਸਦਾਤਾਵਾਂ ਨੂੰ ਸਮੱਸਿਆਵਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਟੈਕਸਦਾਤਾ ਇਹ ਫਾਰਮ ਅਧਿਕਾਰਤ ਡੀਲਰਾਂ ਕੋਲ 30 ਜੂਨ ਤੱਕ ਹੱਥੀਂ ਭਰ ਸਕਦੇ ਹਨ।