ਬੀਮਾ ਕੰਪਨੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਇਸ ਕਾਰਨ ਹੋ ਰਹੀ ਕਾਰੋਬਾਰ ਦੀ ਜਾਂਚ-ਪੜਤਾਲ
Friday, Jun 23, 2023 - 02:37 PM (IST)
ਬਿਜ਼ਨੈੱਸ ਡੈਸਕ - ਬੀਮਾ ਕੰਪਨੀਆਂ ਨੂੰ ਗੁਡਸ ਐਂਡ ਸਰਵਿਸਿਜ਼ ਟੈਕਸ (GST) ਆਡਿਟ ਤੋਂ ਗੁਜ਼ਰਨਾ ਪੈ ਸਕਦਾ ਹੈ। ਟੈਕਸ ਅਧਿਕਾਰੀ ਇਨ੍ਹਾਂ ਕੰਪਨੀਆਂ ਦੇ ਕਾਰੋਬਾਰੀ ਅਭਿਆਸਾਂ ਦੀ ਡੂੰਘਾਈ ਨਾਲ ਜਾਂਚ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਪਤਾ ਲੱਗਾ ਸਕਣ ਬੀਮਾ ਕੰਪਨੀਆਂ ਟੈਕਸ ਵਿੱਚ ਬੇਨਿਯਮੀਆਂ ਤਾਂ ਨਹੀਂ ਕਰ ਰਹੇ ਹਨ।
ਦੱਸ ਦੇਈਏ ਕਿ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਕਿ ਕਈ ਕੰਪਨੀਆਂ 'ਤੇ ਫਰਜ਼ੀ ਬਿੱਲ ਦਿਖਾ ਕੇ ਇਨਪੁਟ ਟੈਕਸ ਕ੍ਰੈਡਿਟ ਲੈਣ ਦਾ ਦੋਸ਼ ਲਗੇ ਹਨ। ਦੋਸ਼ ਹੈ ਕਿ ਇਨ੍ਹਾਂ ਕੰਪਨੀਆਂ ਨੇ ਆਪਣੇ ਵਿਚੋਲਿਆਂ ਅਤੇ ਹੋਰ ਤੰਤਰ ਦੀ ਵਰਤੋਂ ਕਰਕੇ ਵਸਤੂਆਂ ਅਤੇ ਸੇਵਾਵਾਂ ਦੀ ਸਪਲਾਈ ਕੀਤੇ ਬਿਨਾਂ ਜਾਅਲੀ ਬਿੱਲ ਤਿਆਰ ਕੀਤੇ ਹਨ। ਇਸੇ ਕਾਰਨ ਟੈਕਸ ਅਧਿਕਾਰੀ ਇਸ ਮਾਮਲੇ 'ਚ ਸ਼ਾਮਲ ਕੰਪਨੀਆਂ ਦੀ ਬੜੇ ਧਿਆਨ ਨਾਲ ਜਾਂਚ ਕਰ ਰਹੇ ਹਨ।
ਸੂਤਰਾਂ ਅਨੁਸਾਰ ਸੀਬੀਆਈਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਬੀਮਾ ਕੰਪਨੀਆਂ ਦੇ ਸਾਰੇ ਕਾਰੋਬਾਰ ਦੀ ਜਾਂਚ-ਪੜਤਾਲ ਕਰ ਰਹੇ ਹਾਂ, ਜਿਸ ਨਾਲ ਸਾਨੂੰ ਕਿਸੇ ਤਰ੍ਹਾਂ ਦੇ ਹੋਏ ਟੈਕਸ ਚੋਰੀ ਦਾ ਪਤਾ ਲੱਗ ਸਕਦਾ ਹੈ। ਇਸ ਜਾਂਚ 'ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਰੈਗੂਲੇਟਰੀ ਕਾਨੂੰਨਾਂ ਤੋਂ ਬਚਦੇ ਹੋਏ ਕਮਿਸ਼ਨ ਭੁਗਤਾਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਟੈਕਸ ਅਧਿਕਾਰੀਆਂ ਵਲੋਂ ਟੈਕਸ ਰਿਟਰਨ, ਕੰਪਨੀਆਂ ਦਾ ਵਿੱਤੀ ਡੇਟਾ, ਆਮਦਨ ਕਰ ਡੇਟਾ ਅਤੇ ਹੋਰ ਕਈ ਰਿਕਾਰਡਾਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਵਿਕਰੀ ਦੇ ਅੰਕੜਿਆਂ, ਭੁਗਤਾਨ ਕੀਤੇ ਟੈਕਸ, ਰਿਫੰਡ ਦਾਅਵਿਆਂ ਅਤੇ ਇਨਪੁਟ ਟੈਕਸ ਕ੍ਰੈਡਿਟ ਦੀ ਪੁਸ਼ਟੀ ਕਰਨ ਲਈ GST ਆਡਿਟ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿੱਤੀ ਸਾਲ 2023 ਵਿੱਚ ਵਿਭਾਗ ਨੇ ਜੀਐੱਸਟੀ ਆਡਿਟ ਵਿੱਚ ਤੇਜ਼ੀ ਲਿਆਂਦੀ ਸੀ। ਡਾਇਰੈਕਟੋਰੇਟ ਜਨਰਲ ਆਫ ਜੀਐਸਟੀ ਇੰਟੈਲੀਜੈਂਸ 15 ਬੀਮਾ ਕੰਪਨੀਆਂ ਅਤੇ ਉਨ੍ਹਾਂ ਦੇ ਵਿਚੋਲਿਆਂ ਦੀ ਜਾਅਲੀ ਬਿੱਲਾਂ ਅਤੇ ਗੈਰ-ਕਾਨੂੰਨੀ ਤੌਰ 'ਤੇ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਕਰਨ ਲਈ ਜਾਂਚ ਕਰ ਰਿਹਾ ਹੈ। ਇਸ ਤੋਂ ਬਾਅਦ ਉਹਨਾਂ ਵਲੋਂ ਕਾਰਨ ਦੱਸੋ ਨੋਟਿਸ ਭੇਜਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।