ਜੇ. ਐੱਲ. ਆਰ. ਦੇ ਸ਼ਾਨਦਾਰ ਪ੍ਰਬੰਧਕ ਸਾਬਿਤ ਹੋਏ ਟਾਟਾ, ਕਾਰੋਬਾਰੀ ਨੇਤਾਵਾਂ ਦੀਆਂ ਪੀੜੀਆਂ ਨੂੰ ਕਰਣਗੇ ਪ੍ਰੇਰਿਤ : ਫੋਰਡ
Sunday, Oct 13, 2024 - 05:11 AM (IST)
ਮੁੰਬਈ, (ਭਾਸ਼ਾ)– ਫੋਰਡ ਮੋਟਰ ਕੰਪਨੀ ਦੇ ਚੇਅਰਮੈਨ ਬਿਲ ਫੋਰਡ ਨੇ ਕਿਹਾ ਕਿ ਉਹ ਇਸੇ ਹਫਤੇ ਉਦਯੋਗ ਜਗਤ ਦੇ ਦਿੱਗਜ਼ ਰਤਨ ਟਾਟਾ ਦੇ ਦਿਹਾਂਤ ਤੋਂ ਦੁਖੀ ਹਨ। ਫੋਰਡ ਨੇ ਇਕ ਬਿਆਨ ’ਚ ਕਿਹਾ,‘ਰਤਨ ਦੂਰਦਰਸ਼ੀ ਅਤੇ ਇਮਾਨਦਾਰ ਨੇਤਾ ਸਨ ਅਤੇ ਜਗੁਆਰ ਅਤੇ ਲੈਂਡ ਰੋਵਰ ਦੇ ਸ਼ਾਨਦਾਰ ਪ੍ਰਬੰਧਕ ਸਾਬਿਤ ਹੋਏ।’
ਹੈਨਰੀ ਫੋਰਡ ਦੇ ਪੜਪੋਤੇ ਫੋਰਡ ਨੇ ਕਿਹਾ ਕਿ ਟਾਟਾ ਦੀ ਵਿਰਾਸਤ ਭਾਵੀ ਪੀੜੀ ਦੇ ਕਾਰੋਬਾਰੀ ਨੇਤਾਵਾਂ ਅਤੇ ਉਦਯੋਗਪਤੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਟਾਟਾ ਨੂੰ ਨਮਕ ਤੋਂ ਲੈ ਕੇ ਸਾਫਟਵੇਅਰ ਬਣਾਉਣ ਵਾਲੇ ਗਰੁੱਪ ਨੂੰ 2 ਦਹਾਕਿਆਂ ਤੋਂ ਵੱਧ ਸਮੇਂ ਤੱਕ ਨਵੀਆਂ ਉੱਚਾਈਆਂ ’ਤੇ ਲਿਜਾਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਗਰੁੱਪ ਦੀ ਕੰਪਨੀ ਟਾਟਾ ਮੋਟਰਜ਼ ਨੇ 2008 ’ਚ ਜੇ. ਐੱਲ. ਆਰ. ਨੂੰ ਫੋਰਡ ਤੋਂ 2.3 ਅਰਬ ਡਾਲਰ ’ਚ ਨਕਦ ਖਰੀਦਿਆ ਸੀ। ਫੋਰਡ ਨੇ ਯਾਦ ਕੀਤਾ ਕਿ ਉਹ ਟਾਟਾ ਨੂੰ ਸਿਰਫ ਇਕ ਵਾਰ ਨਿੱਜੀ ਤੌਰ ’ਤੇ ਮਿਲੇ ਸਨ ਅਤੇ ਉਨ੍ਹਾਂ ਨੇ ਇਸ ਮੁਲਾਕਾਤ ਨੂੰ ਗਰਮਜੋਸ਼ੀ ਅਤੇ ਦੋਸਤਾਨਾ ਭਰਪੂਰ ਦੱਸਿਆ। ਫੋਰਡ (67) ਨੇ ਕਿਹਾ ਕਿ ਮੁਲਾਕਾਤ ਦੌਰਾਨ ਦੋਵਾਂ ਨੇ ਪਰਿਵਾਰਕ ਕਾਰੋਬਾਰ ਚਲਾਉਣ ਦੀਆਂ ਚੁਣੌਤੀਆਂ ਅਤੇ ਖੁਸ਼ੀਆਂ ਤੇ ਕਾਰਾਂ ਪ੍ਰਤੀ ਸਾਡੇ ਆਪਸੀ ਪਿਆਰ ਬਾਰੇ ਗੱਲ ਕੀਤੀ। ਬੈਠਕ ’ਚ ਮੌਜੂਦ ਟਾਟਾ ਗਰੁੱਪ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਟਾਟਾ ਦੇ ‘ਬੇਇੱਜਤ’ ਮਹਿਸੂਸ ਕੀਤੇ ਜਾਣ ਦੇ ਦਾਅਵਿਆਂ ਨੂੰ ਨਕਾਰਦੇ ਹੋਏ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਬੈਠਕ ਬਾਰੇ ਕੁਝ ਗੱਲਾਂ ‘ਸੱਚਾਈ ਤੋਂ ਬਹੁਤ ਦੂਰ’ ਹੋ ਸਕਦੀਆਂ ਹਨ।