ਟਾਟਾ ਮੋਟਰਜ਼ ਨੇ ਵਪਾਰਕ ਵਾਹਨਾਂ ਲਈ ਮੁਫ਼ਤ ਸਰਵਿਸ ਤੇ ਵਾਰੰਟੀ ਵਧਾਈ
Wednesday, May 19, 2021 - 05:55 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਵਿਚਕਾਰ ਲੋਕਾਂ ਨੂੰ ਕਈ ਜ਼ਰੂਰੀ ਕੰਮ ਕਰਾਉਣ ਵਿਚ ਮੁਸ਼ਕਲ ਆ ਰਹੀ ਹੈ। ਇਸ ਵਿਚਕਾਰ ਟਾਟਾ ਮੋਟਰਜ਼ ਨੇ ਆਪਣੇ ਵਪਾਰਕ ਵਾਹਨਾਂ ਦੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਜੁਲਾਈ ਤੱਕ ਮੁਫ਼ਤ ਸਰਵਿਸ ਕਰਾਈ ਜਾ ਸਕੇਗੀ, ਨਾਲ ਹੀ ਵਾਰੰਟੀ ਵੀ ਇਸ ਦੌਰਾਨ ਤੱਕ ਲਾਗੂ ਰਹੇਗੀ।
ਟਾਟਾ ਮੋਟਰਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਵਪਾਰਕ ਵਾਹਨਾਂ ਲਈ ਵਾਰੰਟੀ ਤੇ ਮੁਫ਼ਤ ਸਰਵਿਸ ਦੀ ਮਿਆਦ ਇਕ ਮਹੀਨੇ ਲਈ ਵਧਾ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਵਾਹਨਾਂ ਲਈ ਹੈ, ਜਿਨ੍ਹਾਂ ਦੀ ਵੈਲਡਿਟੀ 1 ਅਪ੍ਰੈਲ ਤੋਂ 30 ਜੂਨ ਵਿਚਕਾਰ ਖ਼ਤਮ ਹੋ ਰਹੀ ਸੀ।
ਟਾਟਾ ਮੋਟਰਜ਼ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਦੇ ਪ੍ਰਕੋਪ ਨੂੰ ਘੱਟ ਕਰਨ ਲਈ ਦੇਸ਼ ਦੇ ਕਈ ਰਾਜਾਂ ਵਿਚ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਕੰਪਨੀ ਨੇ ਆਪਣੇ ਸਾਰੇ ਵਪਾਰਕ ਵਾਹਨਾਂ ਲਈ ਵਾਰੰਟੀ ਤੇ ਮੁਫ਼ਤ ਸਰਵਿਸ ਦੀ ਮਿਆਦ ਵਧਾ ਦਿੱਤੀ ਹੈ, ਜੋ ਆਮ ਤੌਰ 'ਤੇ ਇਕ ਅਪ੍ਰੈਲ ਤੋਂ 30 ਜੂਨ 2021 ਵਿਚਕਾਰ ਖ਼ਤਮ ਹੋਣ ਵਾਲੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮਿਆਦ ਇਕ ਮਹੀਨੇ ਲਈ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਉਸ ਦੇ ਵਪਾਰਕ ਵਾਹਨਾਂ ਲਈ ਲਾਗੂ ਹੋਵੇਗੀ। ਗੌਰਤਲਬ ਹੈ ਕਿ ਕਈ ਵਾਹਨ ਕੰਪਨੀਆਂ ਨੇ ਕੋਰੋਨਾ ਦੀ ਦੂਜੀ ਲਹਿਰ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਵਾਰੰਟੀ ਤੇ ਮੁਫ਼ਤ ਸਰਵਿਸ ਇਕ ਮਹੀਨੇ ਲਈ ਵਧਾ ਦਿੱਤੀ ਹੈ। ਹਾਲ ਹੀ ਵਿਚ ਬਜਾਜ ਆਟੋ ਨੇ ਆਪਣੇ ਸਾਰੇ ਗਾਹਕਾਂ ਇਹ ਰਾਹਤ ਦਿੱਤੀ ਹੈ।