ਟਾਟਾ ਮੋਟਰਸ ਨੇ ਪੇਸ਼ ਕੀਤਾ ਅਲਟ੍ਰੋਜ ਦਾ ਨਵਾਂ ਪੈਟਰੋਲ ਐਡੀਸ਼ਨ, ਅਗਲੇ ਹਫਤੇ ਸ਼ੁਰੂ ਹੋਵੇਗੀ ਵਿਕਰੀ
Wednesday, Jan 13, 2021 - 05:30 PM (IST)
ਨਵੀਂ ਦਿੱਲੀ (ਭਾਸ਼ਾ)–ਟਾਟਾ ਮੋਟਰਸ ਨੇ ਬੁੱਧਵਾਰ ਨੂੰ ਆਪਣੇ ਪ੍ਰੀਮੀਅਮ ਹੈਚਬੈਕ ਅਲਟ੍ਰੋਜ ਦਾ ਨਵਾਂ ਪੈਟਰੋਲ ਐਡੀਸ਼ਨ ਪੇਸ਼ ਕੀਤਾ। ਇਸ ਦੀ ਵਿਕਰੀ ਦੇਸ਼ ਭਰ ’ਚ ਅਗਲੇ ਹਫਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਹ ਨਵਾਂ ਐਡੀਸ਼ਨ 1.2 ਲਿਟਰ ਬਾਇ-ਟਰਬੋਚਾਰਜਡ ਪੈਟਰੋਲ ਇੰਜਣ ਦੇ ਨਾਲ ਹੈ ਜੋ ਪਹਿਲਾਂ ਤੋਂ ਮੌਜੂਦ ਪੈਟਰੋਲ ਐਡੀਸ਼ਨ ਤੋਂ ਵੱਧ ਸ਼ਕਤੀਸ਼ਾਲੀ ਹੈ। ਕੰਪਨੀ ਨੇ ਕਿਹਾ ਕਿ ਇਹ ਨਵਾਂ 1.2 ਲਿਟਰ ਪੈਟਰੋਲ ਇੰਜਣ ਪਹਿਲਾਂ ਤੋਂ ਮੌਜੂਦ 1.5 ਲਿਟਰ ਪੈਟਰੋਲ ਇੰਜਣ ਤੋਂ ਵੀ ਜ਼ਿਆਦਾ ਦਮਦਾਰ ਹੈ।
ਕੰਪਨੀ ਦੇ ਮਾਰਕੀਟਿੰਗ ਮੁਖੀ (ਯਾਤਰੀ ਵਾਹਨ ਕਾਰੋਬਾਰ ਇਕਾਈ) ਵਿਵੇਕ ਸ਼੍ਰੀਵਤਸ ਨੇ ਨਵੇਂ ਐਡੀਸ਼ਨ ਨੂੰ ਵਰਚੁਅਲ ਮਾਧਿਅਮ ਰਾਹੀਂ ਪੇਸ਼ ਕਰਦੇ ਹੋਏ ਕਿਹਾ ਕਿ ਅਸੀਂ ਚਾਲੂ ਵਿੱਤੀ ਸਾਲ ’ਚ 45 ਹਜ਼ਾਰ ਇਕਾਈਆਂ ਦੀ ਵਿਕਰੀ ਕੀਤੀ ਹੈ ਅਤੇ ਮੰਗ ਹੁਣ ਵੀ ਮਜ਼ਬੂਤ ਬਣੀ ਹੋਈ ਹੈ। ਸਾਨੂੰ ਉਮੀਦ ਹੈ ਕਿ ਨਵੇਂ ਐਡੀਸ਼ਨ ਨਾਲ ਮੰਗ ’ਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਨਵਾਂ ਐਡੀਸ਼ਨ ਕੰਪਨੀ ਦੀ ਕੁਲ ਵਿਕਰੀ ’ਚ 10 ਫੀਸਦੀ ਤੱਕ ਯੋਗਦਾਨ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਐਡੀਸ਼ਨ ਦੀ ਕੀਮਤ ਦਾ ਐਲਾਨ 22 ਜਨਵਰੀ ਨੂੰ ਕੀਤਾ ਜਾਏਗਾ ਅਤੇ ਉਸੇ ਦਿਨ ਤੋਂ ਇਸ ਦੀ ਵਿਕਰੀ ਸ਼ੁਰੂ ਹੋ ਜਾਏਗੀ।