ਟਾਟਾ ਫਿਰ ਤੋਂ ਬਣਿਆ ਭਾਰਤ ਦਾ ਸਭ ਤੋਂ ਵੈਲਿਊਏਬਲ ਬ੍ਰਾਂਡ

Saturday, Jun 29, 2024 - 06:20 PM (IST)

ਟਾਟਾ ਫਿਰ ਤੋਂ ਬਣਿਆ ਭਾਰਤ ਦਾ ਸਭ ਤੋਂ ਵੈਲਿਊਏਬਲ ਬ੍ਰਾਂਡ

ਨਵੀਂ ਦਿੱਲੀ (ਇੰਟ.) : ਟਾਟਾ ਸਮੂਹ ਨੇ ਭਾਰਤ ਦੇ ਸਭ ਤੋਂ ਕੀਮਤੀ ਬ੍ਰਾਂਡ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ, ਜਦੋਂ ਕਿ ਇੰਫੋਸਿਸ ਅਤੇ ਐੱਚ. ਡੀ. ਐੱਫ. ਸੀ. ਸਮੂਹ ਨੂੰ ਬ੍ਰਾਂਡ ਵਿੱਤ ਰਿਪੋਰਟ ’ਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰੱਖਿਆ ਗਿਆ ਹੈ। ਬ੍ਰਾਂਡ ਵੈਲਯੂਏਸ਼ਨ ਸਲਾਹਕਾਰ ‘ਬ੍ਰਾਂਡ ਫਾਇਨਾਂਸ’ ਦੀ ਤਾਜ਼ਾ ਰਿਪੋਰਟ ਮੁਤਾਬਕ ਵੱਖ-ਵੱਖ ਕਾਰੋਬਾਰੀ ਖੇਤਰਾਂ ’ਚ ਸਰਗਰਮ ਟਾਟਾ ਗਰੁੱਪ ਦੀ ਬ੍ਰਾਂਡ ਵੈਲਿਊ 9 ਫੀਸਦੀ ਵਧ ਕੇ 28.6 ਅਰਬ ਡਾਲਰ ਹੋ ਗਈ ਹੈ। ਇਕ ਬਿਆਨ ਅਨੁਸਾਰ ਟਾਟਾ ਸਮੂਹ ਪਹਿਲਾ ਅਜਿਹਾ ਭਾਰਤੀ ਬ੍ਰਾਂਡ ਹੈ ਜੋ 30 ਅਰਬ ਡਾਲਰ ਦਾ ਬ੍ਰਾਂਡ ਮੁੱਲਾਂਕਣ ਪ੍ਰਾਪਤ ਕਰਨ ਦੇ ਨੇੜੇ ਪਹੁੰਚ ਰਿਹਾ ਹੈ।

ਇੰਫੋਸਿਸ ਦੂਜੇ ਸਥਾਨ ’ਤੇ

ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ਇੰਫੋਸਿਸ ਨੇ ਵੀ 9 ਫੀਸਦੀ ਦੀ ਵਾਧਾ ਦਰ ਨਾਲ ਮਜ਼ਬੂਤ ​​ਗ੍ਰੋਥ ਹਾਸਲ ਕੀਤੀ ਹੈ। ਗਲੋਬਲ ਆਈ. ਟੀ. ਸੇਵਾ ਖੇਤਰ ’ਚ ਮੰਦੀ ਦੇ ਬਾਵਜੂਦ, ਇਸ ਦਾ ਬ੍ਰਾਂਡ ਮੁੱਲ 14.2 ਅਰਬ ਡਾਲਰ ਮੰਨਿਆ ਗਿਆ ਹੈ। ਐੱਚ. ਡੀ. ਐੱਫ. ਸੀ. ਗਰੁੱਪ 10.4 ਅਰਬ ਡਾਲਰ ਦੇ ਮੁੱਲ ਨਾਲ ਤੀਜਾ ਸਭ ਤੋਂ ਵੱਡਾ ਭਾਰਤੀ ਬ੍ਰਾਂਡ ਬਣ ਗਿਆ ਹੈ। ਰਿਪੋਰਟ ਮੁਤਾਬਕ ਬੈਂਕਿੰਗ ਯੂਨਿਟਾਂ ਦੀ ਬ੍ਰਾਂਡ ਵੈਲਿਊ ਦੋਹਰੇ ਅੰਕਾਂ ’ਚ ਵਧੀਆਂ ਹਨ। ਇਨ੍ਹਾਂ ’ਚ ਇੰਡੀਅਨ ਬੈਂਕ, ਇੰਡਸਇੰਡ ਬੈਂਕ ਅਤੇ ਯੂਨੀਅਨ ਬੈਂਕ ਸਭ ਤੋਂ ਅੱਗੇ ਹਨ।

ਤਾਜ ਸਭ ਤੋਂ ਵਧੀਆ ਭਾਰਤੀ ਬ੍ਰਾਂਡ

ਟੈਲੀਕਾਮ ਸੈਕਟਰ ਦੀ ਬ੍ਰਾਂਡ ਵੈਲਿਊ ’ਚ ਸਭ ਤੋਂ ਜ਼ਿਆਦਾ 61 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਬੈਂਕਿੰਗ (26 ਫੀਸਦੀ) ਅਤੇ ਖਣਨ, ਲੋਹਾ ਅਤੇ ਸਟੀਲ ਖੇਤਰਾਂ ਨੇ 16 ਫੀਸਦੀ ਔਸਤਨ ਵਾਧਾ ਦਰਜ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ,‘ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਦੂਰਸੰਚਾਰ ਕੰਪਨੀਆਂ ਨੇ ਉਪਭੋਗਤਾ ਉਪਕਰਣਾਂ ਦੀ ਵਰਤੋਂ ਦੇ ਪੈਟਰਨ ਨੂੰ ਵਿਕਸਤ ਕਰ ਕੇ ਗ੍ਰੋਥ ਨੂੰ ਗਤੀ ਦਿੱਤੀ ਹੈ।’ ਬੈਂਕਿੰਗ ਖੇਤਰ ’ਚ ਢਾਂਚਾਗਤ ਸੁਧਾਰਾਂ ਅਤੇ ਰੈਗੂਲੇਟਰੀ ਸੁਧਾਰਾਂ ਨੇ ਮੋਹਰੀ ਜਨਤਕ ਖੇਤਰ ਦੇ ਬੈਂਕਾਂ ਦੇ ਬ੍ਰਾਂਡ ਮੁੱਲ ’ਚ ਵਾਧਾ ਕੀਤਾ ਹੈ।’ ਬ੍ਰਾਂਡ ਫਾਈਨਾਂਸ ਨੇ ਕਿਹਾ ਕਿ ਟਾਟਾ ਗਰੁੱਪ ਦਾ ਹਾਸਪਿਟੈਲਿਟੀ ਬ੍ਰਾਂਡ ਤਾਜ ਸਰਵੋਤਮ ਭਾਰਤੀ ਬ੍ਰਾਂਡ ਦੇ ਰੂਪ ’ਚ ਆਪਣੀ ਸਥਿਤੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ।


author

Harinder Kaur

Content Editor

Related News