ਮਿਸਤਰੀ 'ਤੇ NCLAT ਦੇ ਫੈਸਲੇ ਖਿਲਾਫ SC ਜਾਵੇਗਾ ਟਾਟਾ ਗਰੁੱਪ

12/22/2019 11:00:49 AM

ਨਵੀਂ ਦਿੱਲੀ— ਟਾਟਾ ਗਰੁੱਪ ਐੱਨ. ਸੀ. ਐੱਲ. ਏ. ਟੀ. ਦੇ ਫੈਸਲੇ ਖਿਲਾਫ ਜਨਵਰੀ ਦੇ ਪਹਿਲੇ ਹਫਤੇ ’ਚ ਸੁਪਰੀਮ ਕੋਰਟ ਜਾ ਸਕਦਾ ਹੈ। ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਆਪਣੇ ਫੈਸਲੇ ’ਚ ਸਾਇਰਸ ਮਿਸਤਰੀ ਨੂੰ ਦੁਬਾਰਾ ਟਾਟਾ ਗਰੁੱਪ ਦੀਆਂ 3 ਕੰਪਨੀਆਂ ਦੇ ਚੇਅਰਮੈਨ ਅਹੁਦੇ ’ਤੇ ਬਹਾਲ ਕਰ ਦਿੱਤਾ ਹੈ। ਹੁਣ ਇਸ ਫੈਸਲੇ ਖਿਲਾਫ ਟਾਟਾ ਗਰੁੱਪ ਸੁਪਰੀਮ ਕੋਰਟ ਦਾ ਦਰਵਾਜ਼ਾ ਖਡ਼ਕਾਏਗਾ। ਟਾਟਾ ਗਰੁੱਪ ਵੱਲੋਂ ਲਗਭਗ 3 ਸਾਲ ਪਹਿਲਾਂ ਜਨਵਰੀ 2017 ’ਚ ਮਿਸਤਰੀ ਨੂੰ ਚੇਅਰਮੈਨ ਅਹੁਦੇ ਤੋਂ ਹਟਾਇਆ ਗਿਆ ਸੀ।

ਇਨ੍ਹਾਂ 3 ਕੰਪਨੀਆਂ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਿਡ (ਟੀ. ਸੀ. ਐੱਸ.), ਟਾਟਾ ਇੰਡਸਟਰੀਜ਼ ਅਤੇ ਟਾਟਾ ਟੈਲੀਸਰਵਿਸਿਜ਼ (ਮਹਾਰਾਸ਼ਟਰ) ਲਿਮਟਿਡ ਹੈ। ਟਾਟਾ ਗਰੁੱਪ ਆਪਣੀ ਅਪੀਲ ’ਚ ਐੱਨ. ਸੀ. ਐੱਲ. ਏ. ਟੀ. ਦੇ ਹੁਕਮ ਨੂੰ ਖਾਰਿਜ ਕਰਨ ਜਾਂ ਸਟੇਅ ਲਾਉਣ ਦੀ ਮੰਗ ਕਰੇਗਾ। ਐੱਨ. ਸੀ. ਐੱਲ. ਏ. ਟੀ. ਨੇ 18 ਦਸੰਬਰ ਨੂੰ ਇਨ੍ਹਾਂ ਤਿੰਨਾਂ ਕੰਪਨੀਆਂ ਦਾ ਚੇਅਰਮੈਨ ਮਿਸਤਰੀ ਨੂੰ ਬਣਾਉਣ ਦਾ ਫੈਸਲਾ ਸੁਣਾਇਆ ਸੀ। ਟ੍ਰਿਬਿਊਨਲ ਨੇ ਆਪਣੇ ਹੁਕਮ ’ਚ ਕਿਹਾ ਸੀ ਕਿ ਅਗਲੇ 4 ਹਫਤਿਆਂ ’ਚ ਮਿਸਤਰੀ ਨੂੰ ਇਹ ਅਹੁਦਾ ਸੌਂਪਿਆ ਜਾਵੇ।

 

ਜਨਵਰੀ ਦੇ ਆਖਰੀ ਹਫਤੇ ਤੱਕ ਹੋ ਸਕਦੀ ਹੈ ਬੋਰਡ ਮੀਟਿੰਗ
ਟ੍ਰਿਬਿਊਨਲ ਦੇ ਫੈਸਲੇ ਤੋਂ ਬਾਅਦ ਤਕਨੀਕੀ ਰੂਪ ਨਾਲ ਮਿਸਤਰੀ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਚੇਅਰਮੈਨ ਬਣ ਗਏ ਹਨ ਪਰ ਹਕੀਕਤ ’ਚ ਉਨ੍ਹਾਂ ਨੂੰ ਜਨਵਰੀ ਦੇ ਤੀਸਰੇ ਜਾਂ ਚੌਥੇ ਹਫਤੇ ’ਚ ਹੋਣ ਵਾਲੀ ਬੋਰਡ ਮੀਟਿੰਗ ਤੱਕ ਇੰਤਜ਼ਾਰ ਕਰਨਾ ਪਵੇਗਾ। ਦਸੰਬਰ ਤਿਮਾਹੀ ਦੇ ਨਤੀਜਿਆਂ ਨੂੰ ਲੈ ਕੇ ਜਨਵਰੀ ਦੇ ਆਖਰੀ ਹਫਤੇ ਤੱਕ ਬੋਰਡ ਮੀਟਿੰਗ ਹੋ ਸਕਦੀ ਹੈ। ਟਾਟਾ ਗਰੁੱਪ ਨੂੰ ਇਹ ਉਮੀਦ ਹੈ ਕਿ ਸੁਪਰੀਮ ਕੋਰਟ ਐੱਨ. ਸੀ. ਐੱਲ. ਏ. ਟੀ. ਦੇ ਫੈਸਲੇ ’ਤੇ ਰੋਕ ਲਾ ਸਕਦੀ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 2 ਲੋਕਾਂ ਨੇ ਦੱਸਿਆ ਕਿ ਟਾਟਾ ਗਰੁੱਪ ਇਸ ਮਾਮਲੇ ’ਚ ਕਾਨੂੰਨੀ ਸਲਾਹ ਲੈ ਰਿਹਾ ਹੈ ਕਿ ਐੱਨ. ਸੀ. ਐੱਲ. ਏ. ਟੀ. ਦਾ ਹੁਕਮ ਸ਼ੇਅਰ ਹੋਲਡਰ ਰਾਈਟਸ ਅਤੇ ਪ੍ਰੋਸੈੱਸ ਨਾਲੋਂ ਉਪਰ ਹੈ ਜਾਂ ਨਹੀਂ।


Related News