ਬਣੀ ਰਹੇਗੀ ਖੰਡ ਦੀ 'ਮਿਠਾਸ', ਦਸੰਬਰ ਤਿਮਾਹੀ ’ਚ ਬੰਪਰ ਉਤਪਾਦਨ

Wednesday, Jan 04, 2023 - 11:58 AM (IST)

ਬਣੀ ਰਹੇਗੀ ਖੰਡ ਦੀ 'ਮਿਠਾਸ', ਦਸੰਬਰ ਤਿਮਾਹੀ ’ਚ ਬੰਪਰ ਉਤਪਾਦਨ

ਨਵੀਂ ਦਿੱਲੀ- ਭਾਰਤ ’ਚ ਦਸੰਬਰ ਤਿਮਾਹੀ ’ਚ ਖੰਡ ਦਾ ਬੰਪਰ ਉਤਪਾਦਨ ਹੋਇਆ ਹੈ। ਅਕਤੂਬਰ-ਦਸੰਬਰ ਤਿਮਾਹੀ ’ਚ ਖੰਡ ਦਾ ਉਤਪਾਦਨ 2021 ਦੀ ਇਸੇ ਮਿਆਦ ਦੇ ਮੁਕਾਬਲੇ 3.69 ਫੀਸਦੀ ਵਧ ਕੇ 120.7 ਲੱਖ ਟਨ ਪਹੁੰਚ ਗਿਆ। ਤੁਹਾਨੂੰ ਦੱਸ ਦਈਏ ਕਿ ਖੰਡ ਦਾ ਵਿੱਤੀ ਸਾਲ ਅਕਤੂਬਰ ਤੋਂ ਸਤੰਬਰ ਤੱਕ ਦੇਖਿਆ ਜਾਂਦਾ ਹੈ। ਯਾਨੀ ਬੀਤਿਆ ਅਕਤੂਬਰ-ਦਸੰਬਰ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਸੀ। 2021 ਦੇ ਅਕਤੂਬਰ-ਦਸੰਬਰ ’ਚ ਭਾਰਤ ਨੇ 116.4 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਸੀ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਦੇਸ਼ਾਂ ’ਚੋਂ ਇਕ ਹੈ।
ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ਇਸਮਾ) ਨੇ ਦੱਸਿਆ ਕਿ ਪਿਛਲੇ ਉੱਤਰ ਪ੍ਰਦੇਸ਼ ’ਚ ਇਸ ਦੌਰਾਨ 500 ਮਿੱਲਾਂ ਚੱਲ ਰਹੀਆਂ ਸਨ ਅਤੇ ਇਸ ਵਾਰ ਇਨ੍ਹਾਂ ਦੀ ਗਿਣਤੀ ਵਧ ਕੇ 509 ਹੋ ਗਈ। ਯੂ. ਪੀ. ’ਚ ਖੰਡ ਦਾ ਉਤਪਾਦਨ ਪਿਛਲੀ ਵਾਰ ਵਾਂਗ 30.9 ਲੱਖ ਟਨ ਰਿਹਾ। ਉੱਥੇ ਹੀ ਮਹਾਰਾਸ਼ਟਰ ’ਚ ਇਸ ’ਚ ਹਲਕੀ ਜਿਹੀ ਬੜ੍ਹਤ ਦੇਖੀ ਗਈ ਅਤੇ ਇਹ 46.8 ਲੱਖ ਟਨ ’ਤੇ ਪਹੁੰਚ ਗਿਆ। 2021 ਤੋਂ ਅਕਤੂਬਰ-ਦਸੰਬਰ ’ਚ ਮਹਾਰਾਸ਼ਟਰ ’ਚ 45.8 ਲੱਖ ਟਨ ਖੰਡ ਦਾ ਉਤਪਾਦਨ ਹੋਇਆ ਸੀ।
ਦੂਜੇ ਸੂਬਿਆਂ ’ਚ ਉਤਪਾਦਨ
ਕਰਨਾਟਕ ’ਚ ਖੰਡ ਦਾ ਉਤਪਾਦਨ ਵਧਿਆ ਹੈ। 2022 ’ਚ ਅਕਤੂਬਰ-ਦਸੰਬਰ ’ਚ ਇਹ 26.7 ਲੱਖ ਟਨ ਰਿਹਾ, ਜਦ ਕਿ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 26.1 ਲੱਖ ਟਨ ਰਿਹਾ ਸੀ। ਇਸ ਤਰ੍ਹਾਂ ਗੁਜਰਾਤ ’ਚ ਖੰਡ ਦਾ ਉਤਪਾਦਨ 3.8 ਲੱਖ ਟਨ ਤੱਕ ਪਹੁੰਚ ਗਿਆ। ਤਾਮਿਲਨਾਡੂ ’ਚ 2.6 ਲੱਖ ਟਨ ਖੰਡ ਦਾ ਉਤਪਾਦਨ ਹੋਇਆ। ਦੂਜੇ ਸੂਬਿਆਂ ’ਚ ਕੁੱਲ ਮਿਲਾ ਕੇ ਕੁੱਲ 9.9 ਲੱਖ ਟਨ ਖੰਡ ਬਣਾਈ ਗਈ। ਇਸਮਾ ਨੇ ਅਨੁਮਾਨ ਲਗਾਇਆ ਹੈ ਕਿ ਖੰਡ ਦਾ ਉਤਪਾਦਨ ਇਸ ਵਿੱਤੀ ਸਾਲ ’ਚ 365 ਲੱਖ ਟਨ ਰਹੇਗਾ। ਇਹ ਪਿਛਲੇ ਵਿੱਤੀ ਸਾਲ ਦੇ 358 ਲੱਖ ਟਨ ਦੇ ਉਤਪਾਦਨ ਤੋਂ 2 ਫੀਸਦੀ ਵੱਧ ਹੈ।
ਕੀ ਹੋਵੇਗਾ ਅਸਰ
ਭਾਰਤ ਖੰਡ ਦਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਨਾਲ-ਨਾਲ ਇਸ ਦਾ ਵੱਡਾ ਖਪਤਕਾਰ ਵੀ ਹੈ। ਦੇਸ਼ ’ਚ ਚਾਹ, ਮਿਠਾਈ ਅਤੇ ਹੋਰ ਖੰਡ ਤੋਂ ਬਣੇ ਉਤਪਾਦਾਂ ਦੀ ਖਪਤ ਕਾਫੀ ਵੱਧ ਹੈ। ਅਜਿਹੇ ’ਚ ਖੰਡ ਦਾ ਉਤਪਾਦਨ ਬਿਹਤਰ ਰਹਿਣ ਨਾਲ ਸਪਲਾਈ ’ਚ ੋਈ ਕਮੀ ਨਹੀਂ ਆਵੇਗੀ। ਇਸ ਨਾਲ ਸਿੱਧੇ ਤੌਰ ’ਤੇ ਖੰਡ ਦੇ ਰੇਟ ਨਹੀਂ ਵਧਣਗੇ, ਨਾਲ ਹੀ ਖੰਡ ਤੋਂ ਬਣਨ ਵਾਲੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਵੀ ਕਾਬੂ ’ਚ ਰਹਿਣਗੀਆਂ।
ਕਿੱਥੇ ਹੁੰਦਾ ਹੈ ਖੰਡ ਦਾ ਸਭ ਤੋਂ ਵੱਧ ਉਤਪਾਦਨ
ਖੰਡ ਉਤਪਾਦਨ ਦੇ ਮਾਮਲੇ ’ਚ ਭਾਰਤ ਦਾ ਸਥਾਨ ਚੋਟੀ ਦੇ 5 ਦੇਸ਼ਾਂ ’ਚ ਹੈ। ਸਭ ਤੋਂ ਵੱਧ ਸ਼ੂਗਰ ਪ੍ਰੋਡਕਸ਼ਨ ਬ੍ਰਾਜ਼ੀਲ ’ਚ ਹੁੰਦਾ ਹੈ। ਇਸ ਤੋਂ ਬਾਅਦ ਭਾਰਤ, ਥਾਈਲੈਂਡ, ਚੀਨ ਅਤੇ ਸੰਯੁਕਤ ਰਾਜ ਅਮਰੀਕਾ ਦਾ ਸਥਾਨ ਹੈ। ਭਾਰਤ ’ਚ ਸਭ ਤੋਂ ਵੱਧ ਖੰਡ ਉੱਤਰ ਪ੍ਰਦੇਸ਼ ’ਚ ਬਣਾਈ ਜਾਂਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News