ਪ੍ਰਾਈਵੇਟ ਮਿੱਲਾਂ 'ਤੇ MSP ਦਾ ਪ੍ਰੈਸ਼ਰ, ਕਿਸਾਨਾਂ ਨੂੰ ਮਿਲਣਗੇ ਬਕਾਏ

02/16/2019 3:03:31 PM

ਨਵੀਂ ਦਿੱਲੀ— ਹੁਣ ਮਿੱਲਾਂ ਨੂੰ ਕਿਸਾਨਾਂ ਦੇ ਗੰਨੇ ਦੀ ਪੇਮੈਂਟ ਜਲਦ ਕਰਨੀ ਪਵੇਗੀ। ਸਰਕਾਰ ਨੇ ਹਾਲ ਹੀ 'ਚ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) 29 ਰੁਪਏ ਦੀ ਮੌਜੂਦਾ ਕੀਮਤ ਤੋਂ ਵਧਾ ਕੇ 31 ਰੁਪਏ ਪ੍ਰਤੀ ਕਿਲੋਗ੍ਰਾਮ ਕੀਤਾ ਹੈ। ਹੁਣ ਥੋਕ ਬਾਜ਼ਾਰ ਇਸ ਕੀਮਤ ਤੋਂ ਘੱਟ 'ਤੇ ਖੰਡ ਨਹੀਂ ਖਰੀਦ ਸਕੇਗਾ। ਸਰਕਾਰ ਦੇ ਇਸ ਕਦਮ ਨਾਲ ਨਿੱਜੀ ਮਿੱਲਾਂ 'ਤੇ ਕਿਸਾਨਾਂ ਦਾ ਬਕਾਇਆ ਭੁਗਤਾਨ ਕਰਨ ਦਾ ਦਬਾਅ ਬਣੇਗਾ। ਰੇਟਿੰਗ ਏਜੰਸੀ ਇਕਰਾ ਮੁਤਾਬਕ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ ਵਧਣ ਨਾਲ ਮਿੱਲਾਂ ਦਾ ਲਾਭ ਲਗਭਗ 6 ਫੀਸਦੀ ਵਧਣ ਦੀ ਸੰਭਾਵਨਾ ਹੈ।

ਨਿੱਜੀ ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਉਤਪਾਦਨ ਲਾਗਤ ਤਕਰੀਬਨ 34 ਰੁਪਏ ਪ੍ਰਤੀ ਕਿਲੋਗ੍ਰਾਮ ਆ ਰਹੀ ਹੈ, ਜਦੋਂ ਕਿ ਐੱਮ. ਐੱਸ. ਪੀ. 31 ਰੁਪਏ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸਾਨਾਂ ਅਤੇ ਆਮ ਲੋਕਾਂ ਦੋਹਾਂ ਨੂੰ ਧਿਆਨ 'ਚ ਰੱਖਦੇ ਹੋਏ ਫੈਸਲਾ ਕੀਤਾ ਹੈ। ਪਿਛਲੇ ਸਾਲ ਖੰਡ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਵਿਦੇਸ਼ੀ ਬਾਜ਼ਾਰਾਂ ਨੂੰ ਸਪਲਾਈ ਘੱਟ ਹੋਣ ਨਾਲ ਖੰਡ ਇੰਡਸਟਰੀ ਨੂੰ ਕਾਫੀ ਦਿੱਕਤ ਹੋਈ ਸੀ। ਇਸ ਲਈ ਮਿੱਲਾਂ ਲਗਾਤਾਰ ਖੰਡ ਦਾ ਐੱਮ. ਐੱਸ. ਪੀ. ਵਧਾਉਣ ਦੀ ਮੰਗ ਕਰ ਰਹੀਆਂ ਸਨ। ਮਾਹਰਾਂ ਮੁਤਾਬਕ, ਐੱਮ. ਐੱਸ. ਪੀ. ਵਧਣ ਨਾਲ ਮਿੱਲਾਂ ਲਈ ਬਕਾਏ ਚੁਕਾਉਣ ਦੇ ਰੁਝਾਨ 'ਚ ਤੇਜ਼ੀ ਆਵੇਗੀ।
ਜ਼ਿਕਰਯੋਗ ਹੈ ਕਿ ਜੂਨ 2018 'ਚ ਸਰਕਾਰ ਨੇ ਮਿੱਲਾਂ ਨੂੰ ਰਾਹਤ ਦੇਣ ਲਈ 7,000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਉੱਥੇ ਹੀ, ਖੰਡ ਦਾ ਐੱਮ. ਐੱਸ. ਪੀ. 29 ਰੁਪਏ ਪ੍ਰਤੀ ਕਿਲੋਗ੍ਰਾਮ ਨਿਰਧਾਰਤ ਕੀਤਾ ਸੀ। ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਮਿੱਲਾਂ 'ਤੇ ਕਿਸਾਨਾਂ ਦਾ ਲੱਖਾਂ ਰੁਪਏ ਬਕਾਇਆ ਹੈ। ਇਨ੍ਹਾਂ ਦੋਹਾਂ ਸੂਬਿਆਂ ਦਾ ਸਾਲਾਨਾ ਖੰਡ ਉਤਪਾਦਨ 'ਚ ਯੋਗਦਾਨ ਤਕਰੀਬਨ 50 ਫੀਸਦੀ ਹੈ। ਉੱਥੇ ਹੀ ਇਸ ਵਾਰ ਦੇਸ਼ 'ਚ 3.07 ਕਰੋੜ ਟਨ ਖੰਡ ਉਤਪਾਦਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਖਪਤ 2.58 ਕਰੋੜ ਟਨ ਰਹਿ ਸਕਦੀ ਹੈ।


Related News