ਦੇਸ਼ ਦਾ ਖੰਡ ਉਤਪਾਦਨ 3.63 ਫੀਸਦੀ ਘਟ ਕੇ 3.45 ਕਰੋੜ ਟਨ ਰਹਿਣ ਦਾ ਅਨੁਮਾਨ : AISTA
Sunday, Jan 08, 2023 - 10:22 AM (IST)
ਨਵੀਂ ਦਿੱਲੀ–ਖੰਡ ਮਾਰਕੀਟਿੰਗ ਸੀਜ਼ਨ 2022-23 ’ਚ ਦੇਸ਼ ਦਾ ਖੰਡ ਉਤਪਾਦਨ 3.45 ਕਰੋੜ ਟਨ ਰਹਿ ਸਕਦਾ ਹੈ ਜੋ ਇਕ ਸਾਲ ਪਹਿਲਾਂ ਦੀ ਤੁਲਣਾ ’ਚ 3.63 ਫੀਸਦੀ ਘੱਟ ਹੈ। ਖੰਡ ਉਦਯੋਗ ਦੀ ਸੰਸਥਾ ਏ. ਆਈ. ਐੱਸ. ਟੀ. ਏ. ਨੇ ਇਹ ਸੰਭਾਵਨਾ ਪ੍ਰਗਟਾਈ ਹੈ। ਖੰਡ ਦੇ ਪ੍ਰਮੁੱਖ ਉਤਪਾਦਕ ਦੇਸ਼ ਭਾਰਤ ’ਚ ਖੰਡ ਦਾ ਉਤਪਾਦਨ ਵਿੱਤੀ ਸਾਲ 2021-22 ਦੌਰਾਨ 3.58 ਕਰੋੜ ਟਨ ਰਿਹਾ ਸੀ। ਖੰਡ ਦਾ ਮਾਰਕੀਟਿੰਗ ਸੀਜ਼ਨ ਅਕਤੂਬਰ-ਸਤੰਬਰ ਮਹੀਨੇ ਦਾ ਹੁੰਦਾ ਹੈ। ਅਖਿਲ ਭਾਰਤੀ ਖੰਡ ਵਪਾਰ ਸੰਘ (ਏ. ਆਈ. ਐੱਸ. ਟੀ. ਏ.) ਨੇ ਮੌਜੂਦਾ ਸੀਜ਼ਨ ਦੇ ਆਪਣੇ ਪਹਿਲੇ ਅਨੁਮਾਨ ’ਚ ਕਿਹਾ ਕਿ ਉਤਪਾਦਨ ’ਚ ਗਿਰਾਵਟ ਦਾ ਅਨੁਮਾਨ ਹੋਣ ਨਾਲ ਐਕਸਪੋਰਟ ਵੀ ਘਟ ਕੇ ਲਗਭਗ 79 ਲੱਖ ਟਨ ਰਹਿ ਸਕਦਾ ਹੈ। ਪਿਛਲੇ ਸਾਲ 2021-22 ’ਚ ਦੇਸ਼ ਦੋਂ 1.12 ਕਰੋੜ ਟਨ ਖੰਡ ਦਾ ਐਕਸਪੋਰਟ ਹੋਇਆ ਸੀ। ਏ. ਆਈ. ਐੱਸ. ਟੀ. ਏ. ਨੇ ਕਿਹਾ ਕਿ ਸਾਲ 2022-23 ਸੀਜ਼ਨ ਦੌਰਾਨ ਭਾਰਤੀ ਖੰਡ ਉਤਪਾਦਨ ਕਰੀਬ ਤਿੰਨ ਕਰੋੜ 45 ਲੱਖ ਟਨ ਰਹਿਣ ਦਾ ਅਨੁਮਾਨ ਹੈ।
ਮਹਾਰਾਸ਼ਟਰ ’ਚ ਖੰਡ ਉਤਪਾਦਨ 2022-23 ਸੀਜ਼ਨ ’ਚ 1.24 ਕਰੋੜ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸੀਜ਼ਨ ਦੇ 1.37 ਕਰੋੜ ਟਨ ਤੋਂ ਘੱਟ ਹੈ। ਇਸ ਦਾ ਕਾਰਣ ਗੰਨੇ ਦੀ ਪੈਦਾਵਾਰ 9-10 ਟਨ ਪ੍ਰਤੀ ਹੈਕਟੇਅਰ ਘੱਟ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਕਰਨਾਟਕ ’ਚ ਖੰਡ ਉਤਪਾਦਨ ਪਹਿਲਾਂ ਦੇ 62 ਲੱਖ ਟਨ ਦੇ ਮੁਕਾਬਲੇ ਘੱਟ ਹੋ ਕੇ 57 ਲੱਖ ਟਨ ਰਹਿਣ ਦਾ ਅਨੁਮਾਨ ਹੈ। ਇਸ ਦਾ ਕਾਰਣ ਇਹ ਹੈ ਕਿ ਸੂਬੇ ’ਚ ਕਈ ਮਿੱਲਾਂ ਨੇ ਈਥੇਨਾਲ ਉਤਪਾਦਨ ਲਈ ਵਾਧੂ ਜਾਂ ਨਵੀਆਂ ਡਿਸਲਿਟਰੀ ਲਗਾਈਆਂ ਹਨ ਅਤੇ ਇਸ ਨਾਲ ਖੰਡ ਉਤਪਾਦਨ ਦੇ ਅੰਤਿਮ ਅੰਕੜਿਆਂ ’ਤੇ ਅਸਰ ਪਵੇਗਾ।