ਖੰਡ ਦੀ ਕੀਮਤ ''ਚ ਗਿਰਾਵਟ, ਮਿੱਲਾਂ ''ਤੇ ਵਧੇਗਾ ਬੋਝ
Saturday, Dec 09, 2017 - 11:42 AM (IST)

ਮੁੰਬਈ— 2017-18 ਦੇ ਖੰਡ ਸੀਜ਼ਨ ਦੌਰਾਨ ਖੰਡ ਮਿੱਲਾਂ ਦੇ ਮਾਲੀਏ ਅਤੇ ਲਾਭ 'ਤੇ ਦਬਾਅ ਰਹਿਣ ਦਾ ਖਦਸ਼ਾ ਹੈ। ਗੰਨੇ ਦੇ ਵਧ ਉਤਪਾਦਨ ਦੇ ਅੰਦਾਜ਼ੇ ਦੀ ਵਜ੍ਹਾ ਨਾਲ ਇਸ ਦੇ ਉਤਪਾਦਾਂ ਦੀਆਂ ਕੀਮਤਾਂ 'ਚ ਤੇਜ਼ ਗਿਰਾਵਟ ਆਈ ਹੈ। ਇਸ ਵਾਰ ਉਤਪਾਦਨ ਜ਼ਿਆਦਾ ਰਹਿਣ ਦੇ ਮੱਦੇਨਜ਼ਰ ਦੇਸ਼ ਭਰ ਦੀਆਂ ਮਿੱਲਾਂ 'ਚ ਖੰਡ ਦੀਆਂ ਕੀਮਤਾਂ ਤਕਰੀਬਨ 3 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਘੱਟ ਚੁੱਕੀਆਂ ਹਨ। ਖੰਡ ਅਤੇ ਸ਼ੀਰੇ ਦੋਹਾਂ ਦੇ ਮੁੱਲ 'ਚ ਗਿਰਾਵਟ ਹੋਣ ਕਰਕੇ ਮਿੱਲਾਂ ਦੇ ਮੁਨਾਫੇ 'ਤੇ ਅਸਰ ਪੈਣ ਦਾ ਖਦਸ਼ਾ ਵਧ ਗਿਆ ਹੈ। ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ਇਸਮਾ) ਦੇ ਅੰਕੜਿਆਂ ਮੁਤਾਬਕ ਇਸ ਸੀਜ਼ਨ 'ਚ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਖੰਡ ਉਤਪਾਦਨ ਦੀ ਔਸਤ ਲਾਗਤ ਕ੍ਰਮਵਾਰ 37 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ 34 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਹਾਲਾਂਕਿ ਉੱਤਰ ਪ੍ਰਦੇਸ਼ 'ਚ ਮਿੱਲਾਂ ਤੋਂ ਬਾਹਰ ਖੰਡ ਦੀ ਆਮਦਨੀ 34 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮਹਾਰਾਸ਼ਟਰ 'ਚ 32 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਇਸਮਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ 2016-17 ਦੌਰਾਨ ਉੱਤਰ ਪ੍ਰਦੇਸ਼ 'ਚ ਮਿੱਲਾਂ ਤੋਂ ਬਾਹਰ ਔਸਤ ਮੁੱਲ 36.5 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮਹਾਰਾਸ਼ਟਰ 'ਚ 35.4 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮੁੰਬਈ ਦੀ ਇਕ ਮਿੱਲ ਦੇ ਵਿੱਤ ਪ੍ਰਮੁੱਖ ਨੇ ਕਿਹਾ ਕਿ ਪਿਛਲੇ ਮਹੀਨੇ ਦੇਸ਼ ਭਰ 'ਚ ਖੰਡ ਦੇ ਮੁੱਲ ਤਿੰਨ ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗੇ ਹਨ। ਮਿੱਲਾਂ ਦੇ ਕਾਰੋਬਾਰ 'ਚ ਖੰਡ ਦਾ ਯੋਗਦਾਨ ਕਰੀਬ 75 ਫੀਸਦੀ ਰਹਿੰਦਾ ਹੈ। ਜਿੱਥੋਂ ਤਕ ਸ਼ੀਰੇ ਦੀ ਗੱਲ ਹੈ ਤਾਂ ਉੱਤਰ ਪ੍ਰਦੇਸ਼ 'ਚ ਇਸ ਦਾ ਮੁੱਲ ਡਿੱਗੇ ਕੇ 900 ਰੁਪਏ ਪ੍ਰਤੀ ਟਨ ਅਤੇ ਮਹਾਰਾਸ਼ਟਰ 'ਚ 2,200 ਰੁਪਏ ਪ੍ਰਤੀ ਟਨ 'ਤੇ ਆ ਗਿਆ ਹੈ। ਪਿਛਲੇ ਸਾਲ ਇਨ੍ਹਾਂ ਦੇ ਮੁੱਲ 8,300 ਰੁਪਏ ਪ੍ਰਤੀ ਟਨ ਸਨ। ਇੰਡਸਟਰੀ ਦਾ ਕਹਿਣਾ ਹੈ ਕਿ ਖੰਡ ਅਤੇ ਸ਼ੀਰੇ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ, ਜਿਸ ਨਾਲ ਮਿੱਲਾਂ 'ਤੇ ਬੋਝ ਵਧੇਗਾ।