ਅਫਗਾਨਿਸਤਾਨ ਨੂੰ ਖੰਡ ਦੀ ਬਰਾਮਦ ਠੱਪ, ਪਾਕਿਸਤਾਨ ਨੇ ਵੀ ਖ਼ਰੀਦਣ ਤੋਂ ਕੀਤਾ ਇਨਕਾਰ
Thursday, Sep 02, 2021 - 10:02 AM (IST)
ਨਵੀਂ ਦਿੱਲੀ (ਭਾਸ਼ਾ) – ਅਫਗਾਨਿਸਤਾਨ ਨੂੰ ਭਾਰਤ ਵਲੋਂ ਖੰਡ ਦੀ ਬਰਾਮਦ ਲਗਭਗ ਠੱਪ ਹੋ ਗਈ ਹੈ। ਭਾਰਤੀ ਵਪਾਰੀਆਂ ਨੇ ਉੱਥੋਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਰਡਰ ਰੱਦ ਕਰਨ ਦੀ ਸੂਚਨਾ ਦਿੱਤੀ ਹੈ। ਅਫਗਾਨਿਸਤਾਨ ਭਾਰਤੀ ਖੰਡ ਬਰਾਮਦ ਲਈ ਚੋਟੀ ਦੇ ਦੇਸ਼ਾਂ ’ਚੋਂ ਇਕ ਹੈ ਜਿੱਥੇ ਹਰ ਸਾਲ ਲਗਭਗ 6-7 ਲੱਖ ਟਨ ਖੰਡ ਦੀ ਬਰਾਮਦ ਕੀਤੀ ਜਾਂਦੀ ਹੈ।
ਵਪਾਰ ਅੰਕੜਿਆਂ ਮੁਤਾਬਕ ਇਸ ਮਹੀਨੇ ਖਤਮ ਹੋਣ ਵਾਲੇ ਚਾਲੂ ਵਿੱਤੀ 2020-21 ਸੈਸ਼ਨ ’ਚ ਹੁਣ ਤੱਕ ਲਗਭਗ ਸਾਢੇ 6 ਲੱਖ ਟਨ ਖੰਡ ਦੀ ਬਰਾਮਦ ਕੀਤੀ ਜਾ ਚੁੱਕੀ ਹੈ।
ਖੁਰਾਕ ਮੰਤਰਾਲਾ ਦੇ ਜੁਆਇੰਟ ਸਕੱਤਰ ਸੁਬੋਧ ਕੁਮਾਰ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਸਾਡੀ ਖੰਡ ਦੀ ਬਰਾਮਦ ਉੱਥੋਂ ਦੀ ਮੌਜੂਦਾ ਸਥਿਤੀ ਕਾਰਨ ਪ੍ਰਭਾਵਿਤ ਹੋਈ ਹੈ। ਹਾਲਾਂਕਿ ਨਵੀਂ ਵਿਵਸਥਾ ਦੇ ਤਹਿਤ ਆਮ ਸਥਿਤੀ ਬਹਾਲ ਹੋ ਜਾਣ ਤੋਂ ਬਾਅਦ ਅਫਗਾਨਿਸਤਾਨ ਨੂੰ ਖੰਡ ਦੀ ਬਰਾਮਦ ਅਗਲੇ ਸੈਸ਼ਨ ’ਚ ਮੁੜ ਸ਼ੁਰੂ ਹੋ ਜਾਣੀ ਚਾਹੀਦੀ ਹੈ। ਮੌਜੂਦਾ ਸਮੇਂ ’ਚ ਭਾਰਤ-ਅਫਗਾਨਿਸਤਾਨ ਵਪਾਰ ਨੀਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਉੱਥੇ ਹੀ ਪਾਕਿਸਤਾਨ ਨੇ ਭਾਰਤ ਤੋਂ ਖੰਡ ਨਾ ਖਰੀਦਣ ਦਾ ਫੈਸਲਾ ਕੀਤਾ ਹੈ।
ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਉਤਪਾਦਕ ਦੇਸ਼ ਭਾਰਤ ਸਾਲ 2020-21 ਦੇ ਸੈਸ਼ਨ ’ਚ ਹੁਣ ਤੱਕ 60 ਲੱਖ ਟਨ ਤੋਂ ਵੱਧ ਖੰਡ ਦੀ ਬਰਾਮਦ ਕਰ ਚੁੱਕਾ ਹੈ। ਭਾਰਤ ’ਚ ਖੰਡ ਦਾ ਉਤਪਾਦਨ 3.1 ਕਰੋੜ ਟਨ ਰਹਿਣ ਦਾ ਅਨੁਮਾਨ ਹੈ।