ਖੰਡ ਬਰਾਮਦ ਅਨੁਮਾਨ ਸੋਧ ਕੇ 75 ਲੱਖ ਟਨ ਕੀਤਾ : ਇਸਮਾ
Saturday, Mar 05, 2022 - 02:46 PM (IST)
ਨਵੀਂ ਦਿੱਲੀ– ਭਾਰਤ ਦੀ ਖੰਡ ਬਰਾਮਦ ਚਾਲੂ ਮਾਰਕੀਟਿੰਗ ਸਾਲ 2021-22 ’ਚ ਸਾਲਾਨਾ ਆਧਾਰ ’ਤੇ 15.38 ਫੀਸਦੀ ਵਧ ਕੇ 75 ਲੱਖ ਟਨ ਹੋਣ ਦਾ ਅਨੁਮਾਨ ਹੈ। ਇਸ ਦਾ ਕਾਰਨ ਖੰਡ ਦੇ ਕੌਮਾਂਤਰੀ ਉਤਪਾਦਨ ’ਚ ਕਮੀ ਦਰਮਿਆਨ ਭਾਰਤੀ ਖੰਡ ਦੀ ਮੰਗ ’ਚ ਵਾਧੇ ਦੀ ਉਮੀਦ ਹੈ।
ਉਦਯੋਗ ਸੰਸਥਾ ਇਸਮਾ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਨੇ ਹੁਣ ਤੱਕ 60 ਲੱਖ ਟਨ ਖੰਡ ਦੀ ਬਰਾਮਦ ਲਈ ਕਾਂਟ੍ਰੈਕਟ ਕੀਤਾ ਹੈ ਜਦ ਕਿ ਚਾਲੂ ਮਾਰਕੀਟਿੰਗ ਸਾਲ ’ਚ ਫਰਵਰੀ ਮਹੀਨੇ ਤੱਕ 42 ਲੱਖ ਟਨ ਖੰਡ ਦੀ ਬਰਾਮਦ ਕੀਤੀ ਜਾ ਚੁੱਕੀ ਹੈ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚਲਦਾ ਹੈ। ਬ੍ਰਾਜ਼ੀਲ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਉਤਪਾਦਕ ਦੇਸ਼ ਹੈ। ਭਾਰਤ ਤੋਂ ਵਧੇਰੇ ਬਰਾਮਦ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੌਮਾਂਤਰੀ ਖੰਡ ਸੰਗਠਨ (ਆਈ. ਐੱਸ. ਓ.) ਨੇ ਆਪਣੀ ਰਿਪੋਰਟ ’ਚ ਮਾਰਕੀਟਿੰਗ ਸਾਲ 2021-22 ’ਚ ਲਗਭਗ 19.3 ਲੱਖ ਟਨ ਦੀ ਕੌਮਾਂਤਰੀ ਕਮੀ ਹੋਣ ਅਤੇ ਬਰਾਮਦਕਾਰਾਂ ਦੀ ਵਧੇਰੇ ਭਾਰਤੀ ਖੰਡ ਦੀ ਖਰੀਦ ਦੀ ਰੁਚੀ ਹੋਣ ਦਾ ਸੰਕੇਤ ਦਿੱਤਾ ਹੈ।