ਸੂਬਾ ਸਰਕਾਰਾਂ ਵੱਲੋਂ 1 ਲੱਖ ਟਰੈਕਟਰਾਂ ''ਤੇ ਸਬਸਿਡੀ, ਕਿਸਾਨਾਂ ਦੀ ਜੇਬ ''ਤੇ ਘਟੇਗਾ ਬੋਝ

Saturday, Oct 06, 2018 - 03:25 PM (IST)

ਸੂਬਾ ਸਰਕਾਰਾਂ ਵੱਲੋਂ 1 ਲੱਖ ਟਰੈਕਟਰਾਂ ''ਤੇ ਸਬਸਿਡੀ, ਕਿਸਾਨਾਂ ਦੀ ਜੇਬ ''ਤੇ ਘਟੇਗਾ ਬੋਝ

ਨਵੀਂ ਦਿੱਲੀ— ਇਸ ਵਾਰ ਵੱਖ-ਵੱਖ ਸੂਬਾ ਸਰਕਾਰਾਂ ਨੇ ਕਿਸਾਨਾਂ ਨੂੰ ਟਰੈਕਟਰਾਂ ਦੀ ਵਿਕਰੀ 'ਤੇ ਸਬਸਿਡੀ ਦੇਣ ਲਈ ਤਕਰੀਬਨ 10 ਅਰਬ ਰੁਪਏ ਵੱਖ ਰੱਖੇ ਹਨ। ਇਕ ਮੁਲਾਂਕਣ ਅਨੁਸਾਰ ਸੂਬਾ ਸਰਕਾਰਾਂ ਨੇ ਇਸ ਵਿੱਤੀ ਸਾਲ 'ਚ 1 ਲੱਖ ਟਰੈਕਟਰਾਂ ਦੀ ਵਿਕਰੀ 'ਤੇ ਸਬਸਿਡੀ ਦੀ ਪੇਸ਼ਕਸ਼ ਕੀਤੀ ਹੈ, ਜੋ ਕਿਸੇ ਇਕ ਸਾਲ ਦਾ ਸਭ ਤੋਂ ਵੱਡਾ ਅੰਕੜਾ ਹੈ। ਵਿੱਤੀ ਸਾਲ 2017-18 'ਚ ਸੂਬਾ ਸਰਕਾਰਾਂ ਨੇ ਤਕਰੀਬਨ 68,000 ਟਰੈਕਟਰਾਂ 'ਤੇ ਸਬਸਿਡੀ ਦੀ ਪੇਸ਼ਕਸ਼ ਕੀਤੀ ਸੀ। ਸੋਨਾਲੀਕਾ ਦੇ ਕਾਰਜਕਾਰੀ ਨਿਰਦੇਸ਼ਕ ਰਮਨ ਮਿੱਤਲ ਮੁਤਾਬਕ, ਇਸ ਸਾਲ ਜਿੰਨੇ ਟਰੈਕਟਰਾਂ 'ਤੇ ਸਬਸਿਡੀ ਦੇਣ ਦੀ ਯੋਜਨਾ ਬਣਾਈ ਗਈ ਹੈ ਉਹ ਹੁਣ ਤਕ ਦਾ ਸਭ ਤੋਂ ਵੱਧ ਅੰਕੜਾ ਹੈ। ਇਸ ਸਾਲ ਸਬਸਿਡੀ ਦਾ ਸਮਰਥਨ ਕਰਨ ਵਾਲੇ ਸੂਬਿਆਂ 'ਚ ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਵੀ ਸ਼ਾਮਲ ਹਨ। ਹਾਲਾਂਕਿ ਹਰੇਕ ਸੂਬੇ 'ਚ ਸਬਸਿਡੀ ਦੀ ਰਕਮ 'ਚ ਭਾਰੀ ਫਰਕ ਹੈ।
ਐਸਕਾਰਟਸ ਦੇ ਮੁੱਖ ਵਿੱਤ ਅਧਿਕਾਰੀ ਭਰਤ ਮਦਾਨ ਨੇ ਕਿਹਾ ਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਤਾਜ਼ਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਇਸ ਸਾਲ ਲਈ ਟਰੈਕਟਰ ਸਬਸਿਡੀ ਨੂੰ ਮੌਜੂਦਾ 1 ਲੱਖ 25 ਹਜ਼ਾਰ ਰੁਪਏ ਤੋਂ ਵਧਾ ਕੇ 2 ਲੱਖ 50 ਹਜ਼ਾਰ ਰੁਪਏ ਕੀਤਾ ਜਾਵੇ। ਉਦਯੋਗ ਨੇ ਪਿਛਲੇ ਸਾਲ ਘਰੇਲੂ ਬਾਜ਼ਾਰ 'ਚ ਰਿਕਾਰਡ 7,31,637 ਟਰੈਕਟਰਾਂ ਦੀ ਵਿਕਰੀ ਕੀਤੀ ਸੀ ਅਤੇ ਚਾਲੂ ਮਾਲੀ ਵਰ੍ਹੇ 'ਚ ਇਹ ਅੰਕੜਾ 8 ਲੱਖ ਦੇ ਪਾਰ ਹੋਣ ਦੀ ਉਮੀਦ ਹੈ। ਪਿਛਲੇ ਸਾਲ ਉਦਯੋਗ ਨੇ ਟਰੈਕਟਰ ਬਰਾਮਦ (ਐਕਸਪੋਰਟ) ਵੀ ਕੀਤੇ ਸਨ ਅਤੇ ਇਸ ਸਾਲ ਇਸ 'ਚ ਵਾਧਾ ਹੋਣ ਦਾ ਅਨੁਮਾਨ ਹੈ।
 

ਅਸਾਮ 'ਚ ਮਿਲ ਰਹੀ ਹੈ ਸਭ ਤੋਂ ਵੱਧ ਸਬਸਿਡੀ :
ਮਦਾਨ ਨੇ ਕਿਹਾ ਕਿ ਟਰੈਕਟਰ ਸਬਸਿਡੀ ਅਸਾਮ 'ਚ ਸਭ ਤੋਂ ਵੱਧ ਹੈ, ਜਿੱਥੇ 70 ਫੀਸਦੀ ਟਰੈਕਟਰ ਮੁੱਲ (ਵੱਧ ਤੋਂ ਵੱਧ 5,50,000 ਰੁਪਏ) 'ਤੇ ਸਬਸਿਡੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋਰ ਸੂਬੇ ਕੁਝ ਸ਼ਰਤਾਂ ਨਾਲ 40 ਤੋਂ 50 ਫੀਸਦੀ ਕੀਮਤ ਲਈ ਸਬਸਿਡੀ ਦਿੰਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਸਰਕਾਰ 12,000 ਟਰੈਕਟਰਾਂ ਲਈ 1.50 ਲੱਖ ਤੋਂ ਲੈ ਕੇ 2 ਲੱਖ ਰੁਪਏ ਪ੍ਰਤੀ ਟਰੈਕਟਰ ਸਬਸਿਡੀ ਮੁੱਹਈਆ ਕਰਾ ਰਹੀ ਹੈ, ਜਦੋਂ ਕਿ ਤੇਲੰਗਾਨਾ ਸਰਕਾਰ 12,000 ਤੋਂ ਵਧ ਟਰੈਕਟਰਾਂ ਲਈ 3 ਲੱਖ ਰੁਪਏ ਪ੍ਰਤੀ ਟਰੈਕਟਰ ਸਬਸਿਡੀ ਦੀ ਪੇਸ਼ਕਸ਼ ਕਰ ਰਹੀ ਹੈ। ਮਹਾਰਾਸ਼ਟਰ ਸਰਕਾਰ ਤਕਰੀਬਨ 17,000 ਟਰੈਕਟਰਾਂ 'ਤੇ 1 ਲੱਖ ਤੋਂ 1.25 ਲੱਖ ਰੁਪਏ ਸਬਸਿਡੀ ਦੇ ਰਹੀ ਹੈ। ਗੁਜਰਾਤ ਸਰਕਾਰ ਸਭ ਤੋਂ ਵੱਧ ਟਰੈਕਟਰਾਂ 'ਤੇ ਸਬਸਿਡੀ ਦੇ ਰਹੀ ਹੈ, ਇੱਥੇ 32,000 ਟਰੈਕਟਰਾਂ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਹਾਲਾਂਕਿ ਸਬਸਿਡੀ ਦੀ ਰਕਮ ਸਿਰਫ 45 ਹਜ਼ਾਰ ਤੋਂ 60 ਹਜ਼ਾਰ ਰੁਪਏ ਦੇ ਦਾਇਰੇ 'ਚ ਹੈ। ਹੋਰ ਸੂਬਿਆਂ 'ਚ ਵੀ ਰੁਪਿਆਂ 'ਚ ਥੋੜ੍ਹੀ ਘਟ ਸਬਸਿਡੀ ਉਪਲੱਧ ਕਰਾਈ ਗਈ ਹੈ।


Related News