ਵਿਆਜ ਦਰ ’ਚ ਵਾਧੇ ਨੂੰ ਰੋਕਣਾ ਮੇਰੇ ਹੱਥ ’ਚ ਨਹੀਂ, ਹਾਲਾਤ ’ਤੇ ਨਿਰਭਰ : ਸ਼ਕਤੀਕਾਂਤ ਦਾਸ

05/25/2023 9:58:19 AM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਵਿਆਜ ਦਰ ’ਚ ਵਾਧੇ ਨੂੰ ਰੋਕਣਾ ਉਨ੍ਹਾਂ ਦੇ ਹੱਥ ’ਚ ਨਹੀਂ ਹੈ, ਇਹ ਉਸ ਸਮੇਂ ਦੀ ਜ਼ਮੀਨੀ ਸਥਿਤੀ ’ਤੇ ਨਿਰਭਰ ਕਰਦਾ ਹੈ। ਅਪ੍ਰੈਲ ’ਚ ਆਰ. ਬੀ. ਆਈ. ਨੇ ਪ੍ਰਮੁੱਖ ਨੀਤੀਗਤ ਦਰ (ਰੇਪੋ) ਨੂੰ 6.5 ਫੀਸਦੀ ’ਤੇ ਸਥਿਰ ਰੱਖਦੇ ਹੋਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਮਈ, 2022 ਤੋਂ ਰੇਪੋ ਦਰ ’ਚ ਢਾਈ ਫੀਸਦੀ ਦਾ ਵਾਧਾ ਕਰ ਚੁੱਕਾ ਹੈ।

ਇਹ ਵੀ ਪੜ੍ਹੋ : 2000 ਰੁਪਏ ਦੇ ਨੋਟਾਂ ’ਚ 50,000 ਤੋਂ ਵੱਧ ਕੈਸ਼ ਜਮ੍ਹਾ ਕਰਨ ’ਤੇ ਦੇਣਾ ਹੋਵੇਗਾ ਪੈਨ, ਜਾਣੋ RBI ਵਲੋਂ ਹੋਰ ਸਵਾਲਾਂ ਦੇ

ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗਵਰਨਰ ਦਾਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੁਝਾਅ ਆਏ ਹਨ ਕਿ ਕੇਂਦਰੀ ਬੈਂਕ ਨੂੰ ਆਗਾਮੀ ਮੁਦਰਾ ਸਮੀਖਿਆ ਬੈਠਕਾਂ ’ਚ ਨੀਤੀਗਤ ਦਰ ’ਚ ਵਾਧਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਹੱਥ ’ਚ ਨਹੀਂ ਹੈ। ਇਹ ਜ਼ਮੀਨੀ ਸਥਿਤੀ ’ਤੇ ਨਿਰਭਰ ਕਰਦਾ ਹੈ। ਜੋ ਕੁੱਝ ਉਸ ਸਮੇਂ ਹੋ ਰਿਹਾ ਹੈ, ਮੈਨੂੰ ਉਸ ਦੇ ਹਿਸਾਬ ਨਾਲ ਫੈਸਲਾ ਕਰਨਾ ਹੈ। ਇਹ ਦੇਖਣਾ ਹੈ ਕਿ ਰੁਝਾਨ ਕੀ ਹੈ। ਕੀ ਮਹਿੰਗਾਈ ਵਧ ਰਹੀ ਹੈ ਜਾਂ ਨਰਮ ਹੋਈ ਹੈ। ਗਵਰਨਰ ਨੇ ਕਿਹਾ ਕਿ ਇਸ ਤਰ੍ਹਾਂ ਇਹ ਫੈਸਲਾ ਪੂਰੀ ਤਰ੍ਹਾਂ ਮੇਰੇ ਹੱਥ ’ਚ ਨਹੀਂ ਹੈ। ਮੈਂ ਉਸ ਸਮੇਂ ਦੇ ਹਾਲਾਤਾਂ ਦੇ ਹਿਸਾਬ ਨਾਲ ਫੈਸਲਾ ਲਵਾਂਗਾ।

ਮਹਿੰਗਾਈ ਦੇ ਮੋਰਚੇ ’ਤੇ ਕੋਤਾਹੀ ਵਰਤਣ ਦੀ ਕੋਈ ਗੁੰਜਾਇਸ਼ ਨਹੀਂ

ਦਾਸ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ ਨਰਮ ਹੋਈ ਹੈ ਪਰ ਹਾਲੇ ਇਸ ਮੋਰਚੇ ’ਤੇ ਕੋਤਾਹੀ ਵਰਤਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ ਦੇ ਅਗਲੇ ਅੰਕੜੇ ’ਚ ਮਹਿੰਗਾਈ ਦਰ 4.7 ਫੀਸਦੀ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਅਪ੍ਰੈਲ ’ਚ 4.7 ਫੀਸਦੀ ਰਹੀ ਸੀ। ਦਾਸ ਨੇ ਹਾਜ਼ਰ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੂੰਜੀ, ਤਰਲਤਾ ਦੀ ਮਜ਼ਬੂਤ ਸਥਿਤੀ ਅਤੇ ਜਾਇਦਾਦ ਦੀ ਗੁਣਵੱਤਾ ’ਚ ਸੁਧਾਰ ਨਾਲ ਭਾਰਤੀ ਬੈਂਕਿੰਗ ਪ੍ਰਣਾਲੀ ਸਥਿਰ ਅਤੇ ਮਜ਼ਬੂਤ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਦੇਸ਼ ਦੀ ਵਿੱਤੀ ਸਥਿਰਤਾ ਯਕੀਨੀ ਕਰਨ ਲਈ ਅਰਥਵਿਵਸਥਾ ਨੂੰ ਪੂਰਾ ਸਮਰਥਨ ਦੇਵੇਗਾ। ਉਨ੍ਹਾਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਨੇ ਆਪਣੇ ਹੁਣ ਤੱਕ ਦੇ ਤਜ਼ਰਬੇ ਦੇ ਆਧਾਰ ’ਤੇ ਕੇਂਦਰੀ ਬੈਂਕ ਡਿਜ਼ੀਟਲ ਮੁਦਰਾ (ਸੀ. ਬੀ. ਡੀ. ਸੀ.) ਢਾਂਚੇ ਨੂੰ ਹੋਰ ਬਿਹਤਰ ਕੀਤਾ ਹੈ।

ਇਹ ਵੀ ਪੜ੍ਹੋ : 2,000 ਦੇ ਨੋਟਾਂ ਕਾਰਨ ਸੋਨੇ ਦੀ ਖ਼ਰੀਦ ਲਈ ਪੁੱਛਗਿੱਛ ਵਧੀ, ਸਖ਼ਤ ਨਿਯਮਾਂ ਨੇ ਵਧਾਈ ਚਿੰਤਾ

ਗਲੋਬਲ ਅਰਥਵਿਵਸਥਾ ਦਬਾਅ ’ਚ

ਗਲੋਬਲ ਅਰਥਵਿਵਸਥਾ ’ਤੇ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਭੂ-ਸਿਆਸੀ ਚੁਣੌਤੀਆਂ, ਉੱਚੀ ਮਹਿੰਗਾਈ ਦਰ ਦੇ ਦਬਾਅ ਦਾ ਸਾਹਮਣਾ ਕਰ ਰਹੀ ਹੈ। ਭਾਰਤ ਚਾਲੂ ਸਾਲ ’ਚ ਗਲੋਬਲ ਗ੍ਰੋਥ ’ਚ ਲਗਭਗ 15 ਫੀਸਦੀ ਦਾ ਯੋਗਦਾਨ ਦੇਵੇਗਾ।

2000 ਦੇ ਨੋਟਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਪੂਰੀ ਹੋਵੇਗੀ

ਦਾਸ ਨੇ ਕਿਹਾ ਕਿ 2000 ਦੇ ਨੋਟਾਂ ਨੂੰ ਵਾਪਸ ਲੈਣ ਦਾ ਫੈਸਲਾ ਗੈਰ-ਰਸਮੀ ਸਰਵੇ ਤੋਂ ਬਾਅਦ ਲਿਆ ਗਿਆ ਸੀ। ਸਰਵੇ ਤੋਂ ਪਤਾ ਲੱਗਾ ਕਿ ਇਨ੍ਹਾਂ ਨੋਟਾਂ ਦੀ ਆਮ ਤੌਰ ’ਤੇ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਤੋਂ ਪੂਰੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬੈਂਕ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਹੈ। ਰਿਜ਼ਰਵ ਬੈਂਕ ਨੇ ਮੁਦਰਾ ਪ੍ਰਬੰਧਨ ਦੇ ਤਹਿਤ ਬੀਤੇ ਸ਼ੁੱਕਰਵਾਰ ਨੂੰ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਕੇਂਦਰੀ ਬੈਂਕ ਨੇ ਇਸ ਦੇ ਨਾਲ ਹੀ ਸਪੱਸ਼ਟ ਕੀਤਾ ਸੀ ਕਿ ਇਹ ਨੋਟਬੰਦੀ ਨਹੀਂ ਹੈ ਅਤੇ 2000 ਰੁਪਏ ਦਾ ਨੋਟ ਲੀਗਲ ਮੁਦਰਾ ਬਣਿਆ ਰਹੇਗਾ।

ਇਹ ਵੀ ਪੜ੍ਹੋ : 2000 ਦੇ ਨੋਟ ਬੰਦ ਕਰਨ ਦੇ ਐਲਾਨ ਮਗਰੋਂ RBI ਨੇ ਬੈਂਕ ਸ਼ਾਖਾਵਾਂ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News