ਸ਼ੇਅਰ ਬਾਜ਼ਾਰ 'ਤੇ ਕੋਰੋਨਾ ਦੀ ਮਾਰ, 810 ਅੰਕ ਟੁੱਟ ਕੇ ਬੰਦ ਹੋਇਆ ਸੈਂਸੈਕਸ

03/17/2020 4:24:47 PM

ਨਵੀਂ ਦਿੱਲੀ—ਕੋਰੋਨਾ ਵਾਇਰਸ ਇੰਫੈਕਸ਼ਨ ਦੇ ਕਾਰਨ ਸੰਸਾਰਕ ਮੰਦੀ ਦੇ ਖਦਸ਼ੇ ਨਾਲ ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਸ਼ੁਰੂਆਤੀ ਕਾਰੋਬਾਰ ਡਿੱਗਣ ਤੋਂ ਬਾਅਦ ਦੁਪਿਹਰ ਤੱਕ ਕਾਰੋਬਾਰ 'ਚ ਤੇਜ਼ੀ ਦਿਸੀ ਪਰ ਕਾਰੋਬਾਰ ਦੇ ਆਖਿਰੀ ਸੈਸ਼ਨ 'ਚ ਬਾਜ਼ਾਰ ਡਿੱਗ ਕੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਮੁੱਖ ਇੰਡੈਕਸ ਸੈਂਸੈਕਸ 810.98 ਅੰਕ ਭਾਵ 2.58 ਫੀਸਦੀ ਦੀ ਗਿਰਾਵਟ ਦੇ ਬਾਅਦ 30,579.09 ਦੇ ਪੱਧਰ 'ਤੇ ਬੰਦ ਹੋਇਆ। ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 230.70 ਅੰਕ ਭਾਵ 2.51 ਫੀਸਦੀ ਦੀ ਗਿਰਾਵਟ ਦੇ ਬਾਅਦ 8,966.70 ਦੇ ਪੱਧਰ 'ਤੇ ਬੰਦ ਹੋਇਆ ਹੈ। ਮਾਰਚ 2017 ਦੇ ਬਾਅਦ ਨਿਫਟੀ ਪਹਿਲੀ ਵਾਰ 9,000 ਦੇ ਹੇਠਾਂ ਪਹੁੰਚਿਆ ਹੈ।
ਦਿੱਗਜ ਸ਼ੇਅਰਾਂ ਦਾ ਇਹ ਰਿਹਾ ਹਾਲ
ਬੀ.ਐੱਸ.ਈ. ਦੇ ਇਕ ਸਰਕੁਲਰ ਮੁਤਾਬਕ ਯੈੱਸ ਬੈਂਕ ਦੇ ਸ਼ੇਅਰਾਂ ਨੂੰ 20 ਮਾਰਚ ਤੋਂ ਬੀ.ਐੱਸ.ਈ. ਇੰਡੈਕਸ ਤੋਂ ਹਟਾਇਆ ਜਾਵੇਗਾ। ਬੀ.ਐੱਸ.ਈ. 30 'ਚ ਸ਼ਾਮਲ ਕੰਪਨੀਆਂ 'ਚ ਬੈਂਕਾਂ ਦੇ ਸ਼ੇਅਰਾਂ 'ਤੇ ਮੰਗਲਵਾਰ ਨੂੰ ਵੀ ਦਬਾਅ ਰਿਹਾ। ਐੱਸ.ਬੀ.ਆਈ., ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ, ਬਜਾਜ ਫਿਨਸਰਵ, ਇੰਡਸਇੰਡ ਆਦਿ ਦੇ ਸ਼ੇਅਰ ਡਿੱਗੇ। ਐੱਨ.ਐੱਸ.ਈ. 'ਤੇ ਜੀ.ਇੰਟਰਟੇਨਮੈਂਟ, ਇੰਡਸਇੰਡ ਬੈਂਕ, ਇੰਫਰਾਟੈੱਲ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ 'ਚ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਦਮਾਨੀ ਪਰਿਵਾਰ ਨੇ ਇੰਡੀਆ ਸੀਮੈਂਟਸ 'ਚ ਆਪਣੀ ਹਿੱਸੇਦਾਰੀ ਵਧਾਈ, ਇਸ ਕਾਰਨ ਕੰਪਨੀ ਦੇ ਸ਼ੇਅਰਾਂ 'ਚ ਉਛਾਲ ਦਰਜ ਕੀਤਾ ਗਿਆ।
ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਪ੍ਰਭਾਵਿਤ
ਕਾਰੋਬਾਰੀਆਂ ਮੁਤਾਬਕ ਆਰਥਿਕ ਮੰਦੀ ਦੇ ਖਦਸ਼ਿਆਂ ਦੇ ਬਾਅਦ ਵੀ ਨਿਵੇਸ਼ਕ ਹਾਲ ਹੀ 'ਚ ਡਿੱਗੇ ਸ਼ੇਅਰਾਂ 'ਚ ਖਰੀਦਾਰੀ ਕਰ ਰਹੇ ਹਨ। ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਵਾਧੇ 'ਚ ਚੱਲ ਰਿਹਾ ਸੀ। ਹਾਲਾਂਕਿ ਦੱਖਣੀ ਕੋਰੀਆ ਦੇ ਕੋਸਪੀ 'ਚ ਗਿਰਾਵਟ ਚੱਲ ਰਹੀ ਸੀ। ਸੋਮਵਾਰ ਨੂੰ ਅਮਰੀਕੀ ਬਾਜ਼ਾਰ 'ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਐੱਸ ਐਂਡ ਪੀ 500 'ਚ ਕਰੀਬ 12 ਫੀਸਦੀ ਅਤੇ ਨੈਸਡੈਕ 'ਚ ਕਰੀਬ 13 ਫੀਸਦੀ ਦੀ ਗਿਰਾਵਟ ਰਹੀ। ਇਹ ਵਾਲ ਸਟ੍ਰੀਟ ਦਾ 1987 ਦੇ ਬਾਅਦ ਦਾ ਸਭ ਤੋਂ ਬੁਰਾ ਦਿਨ ਰਿਹਾ।


Aarti dhillon

Content Editor

Related News