ਭਾਰਤ ’ਚ ਸਟੀਲ ਦੇ ਮੁੱਲ ਸਭ ਤੋਂ ਉੱਚੇ ਪੱਧਰ ’ਤੇ, ਅੰਤਰਰਾਸ਼ਟਰੀ ਬਾਜ਼ਾਰ ਨਾਲੋਂ ਕੀਮਤ ਅਜੇ ਵੀ ਘੱਟ
Monday, May 17, 2021 - 09:08 AM (IST)
ਨਵੀਂ ਦਿੱਲੀ (ਭਾਸ਼ਾ) - ਟਾਟਾ ਸਟੀਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ ਟੀ. ਵੀ. ਨਰੇਂਦਰਨ ਨੇ ਕਿਹਾ ਹੈ ਕਿ ਇਸਪਾਤ ਦੇ ਮੁੱਲ ’ਚ ਵਾਧੇ ਨਾਲ ਘਰੇਲੂ ਬਾਜ਼ਾਰ ’ਚ ਮੰਗ ’ਤੇ ਅਸਰ ਨਹੀਂ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਯਕੀਨੀ ਰੂਪ ’ਚ ਸਟੀਲ ਦੇ ਮੁੱਲ ਵਧੇ ਹਨ ਪਰ ਅੰਤਰਰਾਸ਼ਟਰੀ ਬਾਜ਼ਾਰ ਦੇ ਮੁਕਾਬਲੇ ਦਰ ਅਜੇ ਵੀ ਘੱਟ ਹੈ। ਸਟੀਲ ਦੀ ਵਰਤੋਂ ਉਸਾਰੀ, ਵਾਹਨ, ਖਪਤਕਾਰ ਸਾਮਾਨ ਆਦਿ ਖੇਤਰਾਂ ’ਚ ਹੁੰਦੀ ਹੈ। ਅਜਿਹੇ ’ਚ ਮੁੱਲ ਵਧਣ ’ਤੇ ਇਨ੍ਹਾਂ ਖੇਤਰਾਂ ’ਤੇ ਅਸਰ ਪੈ ਸਕਦਾ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਸਟੀਲ ਦੇ ਮੁੱਲ ’ਚ ਵਾਧੇ ਦਾ ਅਸਰ ਦੇਸ਼ ਦੇ ਗਾਹਕਾਂ ਦੀ ਮੰਗ ’ਤੇ ਪਵੇਗਾ, ਨਰੇਂਦਰਨ ਨੇ ਕਿਹਾ, ‘‘ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਯਕੀਨੀ ਰੂਪ ’ਚ ਮੁੱਲ ਤੇਜ਼ ਹੈ ਪਰ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਇਹ ਅਜੇ ਵੀ ਘੱਟ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਮੰਗ ’ਤੇ ਅਸਰ ਪੈਣਾ ਚਾਹੀਦਾ ਹੈ।’’
ਇਸਪਾਤ ਦੀ ਜ਼ਿਆਦਾ ਵਰਤੋਂ ਵਾਲੇ ਉਤਪਾਦਾਂ ਦੇ ਬਰਾਮਦਕਾਰ ਬਿਹਤਰ ਸਥਿਤੀ ’ਚ
ਉਨ੍ਹਾਂ ਨੇ ਕਿਹਾ ਕਿ ਅਮਰੀਕਾ ’ਚ ਜੇਕਰ ‘ਹਾਟ ਰੋਲਡ ਕੁਆਇਲ’ (ਫਲੈਟ ਸਟੀਲ ਉਤਪਾਦ) ਦੇ ਮੁੱਲ 1,500 ਡਾਲਰ ਪ੍ਰਤੀ ਟਨ, ਯੂਰਪ ’ਚ 1,000 ਯੂਰੋ ਪ੍ਰਤੀ ਟਨ ਹਨ ਤਾਂ ਮੈਨੂੰ ਲੱਗਦਾ ਹੈ ਕਿ ਭਾਰਤ ’ਚ ਇਸਪਾਤ ਉਪਯੋਗਕਰਤਾਵਾਂ ਲਈ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਮੁੱਲ ਉਪਲੱਬਧ ਹੈ।’’ ਟਾਟਾ ਸਟੀਲ ਦੇ ਸੀ. ਈ. ਓ. ਨੇ ਕਿਹਾ ਕਿ ਇਸਪਾਤ ਦੀ ਜ਼ਿਆਦਾ ਵਰਤੋਂ ਵਾਲੇ ਉਤਪਾਦਾਂ ਦੇ ਬਰਾਮਦਕਾਰ ਬਿਹਤਰ ਸਥਿਤੀ ’ਚ ਹਨ ਕਿਉਂਕਿ ਭਾਰਤ ’ਚ ਜੋ ਮੁੱਲ ਹਨ, ਉਹ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ’ਚ ਮੁਕਾਬਲੇਬਾਜ਼ ਹੋਣ ਦਾ ਮੌਕਾ ਦਿੰਦਾ ਹੈ।
ਭਾਰਤ ’ਚ ਸਟੀਲ ਦੇ ਮੁੱਲ ਸਭ ਤੋਂ ਉੱਚੇ ਪੱਧਰ ’ਤੇ
ਭਾਰਤ ’ਚ ਸਟੀਲ ਦੇ ਮੁੱਲ ਇਸ ਸਮੇਂ ਸਭ ਤੋਂ ਉੱਚੇ ਪੱਧਰ ’ਤੇ ਹਨ। ਮਈ 2021 ’ਚ ਸਟੀਲ ਬਨਾਉਣ ਵਾਲੀਆਂ ਕੰਪਨੀਆਂ ਨੇ ਹਾਟ ਰੋਲਡ ਕੁਆਇਲ (ਐੱਚ. ਆਰ. ਸੀ.) ਦੇ ਮੁੱਲ 4,000 ਰੁਪਏ ਵਧਾ ਕੇ 67,000 ਰੁਪਏ ਪ੍ਰਤੀ ਟਨ ਕਰ ਦਿੱਤੇ, ਜਦੋਂ ਕਿ ਕੋਲਡ ਰੋਲਡ ਕੁਆਇਲ (ਸੀ. ਆਰ. ਸੀ.) ਦੀ ਕੀਮਤ 4,500 ਰੁਪਏ ਵਧਾ ਕੇ 80,000 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ। ਐੱਚ. ਆਰ. ਸੀ. ਅਤੇ ਸੀ. ਆਰ. ਸੀ. ਦੋਵੇਂ ਸਟੀਲ ਦੀਆਂ ਚਾਦਰਾਂ ਹਨ। ਇਨ੍ਹਾਂ ਦੀ ਵਰਤੋਂ ਵਾਹਨ, ਉਪਕਰਣ ਅਤੇ ਨਿਰਮਾਣ ਖੇਤਰਾਂ ’ਚ ਹੁੰਦੀ ਹੈ। ਬਹਰਹਾਲ, ਮਾਹਿਰਾਂ ਦਾ ਕਹਿਣਾ ਹੈ ਕਿ ਸਟੀਲ ਦੇ ਮੁੱਲ ਵਧਣ ਨਾਲ ਵਾਹਨ, ਖਪਤਕਾਰ ਸਾਮਾਨ ਅਤੇ ਨਿਰਮਾਣ ਲਾਗਤ ’ਤੇ ਅਸਰ ਪਵੇਗਾ ਕਿਉਂਕਿ ਇਨ੍ਹਾਂ ਖੇਤਰਾਂ ’ਚ ਕੱਚੇ ਮਾਲ ਦੇ ਰੂਪ ’ਚ ਇਸਪਾਤ ਦੀ ਵਰਤੋਂ ਹੁੰਦੀ ਹੈ।