2025 ’ਚ ਸਟੀਲ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਨਵੀਆਂ ਉਚਾਈਆਂ! ਕ੍ਰਿਸਿਲ ਦੀ ਰਿਪੋਰਟ ’ਚ ਵੱਡਾ ਦਾਅਵਾ

Thursday, Jan 09, 2025 - 11:49 AM (IST)

2025 ’ਚ ਸਟੀਲ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਨਵੀਆਂ ਉਚਾਈਆਂ! ਕ੍ਰਿਸਿਲ ਦੀ ਰਿਪੋਰਟ ’ਚ ਵੱਡਾ ਦਾਅਵਾ

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਸਟੀਲ ਉਦਯੋਗ ਲਈ 2025 ’ਚ ਕੁਝ ਮੁਸ਼ਕਿਲ ਸਮਾਂ ਆ ਸਕਦਾ ਹੈ। ਕ੍ਰਿਸਿਲ, ਜੋ ਕਿ ਇਕ ਪ੍ਰਮੁੱਖ ਕ੍ਰੈਡਿਟ ਰੇਟਿੰਗ ਏਜੰਸੀ ਹੈ, ਨੇ ਹਾਲ ਹੀ ’ਚ ਆਪਣੀ ਰਿਪੋਰਟ ’ਚ ਇਹ ਅੰਦਾਜ਼ਾ ਪ੍ਰਗਟਾਇਆ ਕਿ 2025 ਤੱਕ ਸਟੀਲ ਦੀਆਂ ਕੀਮਤਾਂ ’ਚ ਤੇਜ਼ੀ ਆ ਸਕਦੀ ਹੈ। ਇਸ ਦੇ ਪਿੱਛੇ ਕੁਝ ਪ੍ਰਮੁੱਖ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਨਾ ਸਿਰਫ ਘਰੇਲੂ, ਸਗੋਂ ਕੌਮਾਂਤਰੀ ਬਾਜ਼ਾਰਾਂ ’ਚ ਵੀ ਪ੍ਰਭਾਵ ਪਾ ਸਕਦੇ ਹਨ।

ਰੇਟਿੰਗ ਏਜੰਸੀ ਕ੍ਰਿਸਿਲ ਨੇ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਫਰਵਰੀ ਦੇ ਅਖੀਰ ਤੱਕ ਸਟੀਲ ਦੀ ਦਰਾਮਦ ’ਤੇ ਪ੍ਰਸਤਾਵਿਤ ਸੁਰੱਖਿਆ ਡਿਊਟੀ ਲਾਗੂ ਕੀਤੀ ਜਾਂਦੀ ਹੈ ਤਾਂ ਸਾਲ 2025 ’ਚ ਸਟੀਲ ਦੀ ਕੀਮਤ ’ਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸਟੀਲ ਬੀਤੇ ਸਾਲ ਦੇ ਮੁਕਾਬਲੇ 4 ਤੋਂ 6 ਫ਼ੀਸਦੀ ਤੱਕ ਮਹਿੰਗੀ ਹੋ ਸਕਦੀ ਹੈ। ਕ੍ਰਿਸਿਲ ਦਾ ਕਹਿਣਾ ਹੈ ਕਿ ਮਿੱਲਾਂ ਨਵੀਂ ਚਾਲੂ ਸਮਰੱਥਾ ਨਾਲ ਉਤਪਾਦਨ ਦੀ ਮਾਤਰਾ ਵਧਾ ਰਹੀਆਂ ਹਨ, ਅਜਿਹੇ ’ਚ ਸਪਲਾਈ ’ਚ ਵਾਧੇ ਨਾਲ ਫਲੈਟ ਸਟੀਲ ਦੀਆਂ ਕੀਮਤਾਂ ਘਟਣਗੀਆਂ ਪਰ ਇਹ 2024 ਦੀ ਔਸਤ ਕੀਮਤ ਤੋਂ ਜ਼ਿਆਦਾ ਹੋਣਗੀਆਂ।

ਪਿਛਲੇ ਸਾਲ ਘਟੀ ਸੀ ਕੀਮਤ

ਕ੍ਰਿਸਿਲ ਮਾਰਕੀਟ ਇੰਟੈੀਲਜੈਂਸ ਐਂਡ ਐਨਾਲਿਟਿਕਸ ਦੇ ਨਿਰਦੇਸ਼ਕ (ਖੋਜ) ਵਿਸ਼ਾਲ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਸ਼ੁੱਧ ਦਰਾਮਦ ’ਚ ਵਾਧੇ ਦੇ ਕਾਰਨ ਧਾਤੂ ਦੀ ਵਾਧੂ ਉਪਲੱਬਧਤਾ ਕਾਰਨ ਘਰੇਲੂ ਬਾਜ਼ਾਰ ’ਚ ਸਟੀਲ ਦੀਆਂ ਕੀਮਤਾਂ ’ਚ ਗਿਰਾਵਟ ਆਈ ਸੀ। ਹਾਟ-ਰੋਲਡ ਕੁਆਇਲ (ਐੱਚ. ਆਰ. ਸੀ.) ਦੀਆਂ ਕੀਮਤਾਂ ’ਚ 9 ਅਤੇ ਕੋਲਡ ਰੋਲਡ ਕੁਆਇਲ ਦੀਆਂ ਕੀਮਤਾਂ ’ਚ 7 ਫ਼ੀਸਦੀ ਦੀ ਗਿਰਾਵਟ ਆਈ, ਜਿਸ ਨਾਲ ਘਰੇਲੂ ਮਿੱਲਾਂ ਦਾ ਟਾਪਲਾਈਨ ਵਾਧਾ ਮੱਠਾ ਪੈ ਗਿਆ। ਹਾਲਾਂਕਿ, ਕੋਕਿੰਗ ਕੋਲ ਦੀਆਂ ਡਿੱਗਦੀ ਕੀਮਤਾਂ ਅਤੇ ਘੱਟ ਅਸਥਿਰਤਾ ਨੇ ਘਰੇਲੂ ਸਟੀਲ ਉਤਪਾਦਕਾਂ ਦੀ ਮਾਰਜਿਨ ਦਬਾਅ ਨੂੰ ਕੁਝ ਹੱਦ ਤੱਕ ਘੱਟ ਕਰਨ ’ਚ ਮਦਦ ਕੀਤੀ ਹੈ।

ਘਰੇਲੂ ਸਟੀਲ ਦੀ ਮੰਗ ਚਾਲੂ ਸਾਲ ’ਚ ਅੱਗੇ ਰਹੇਗੀ

ਆਸਟ੍ਰੇਲੀਆ ਮੂਲ ਦੇ ਪ੍ਰੀਮੀਅਮ ਘੱਟ ਅਸਥਿਰਤਾ ਵਾਲੇ ਗ੍ਰੇਡ ਲਈ ਕੋਕਿੰਗ ਕੋਲ ਦੀ ਹਾਜ਼ਰ ਕੀਮਤ 2024 ’ਚ 12 ਫ਼ੀਸਦੀ ਘਟੀ, ਜਦੋਂ ਕਿ ਇਸ ਮਿਆਦ ਦੌਰਾਨ ਅਲੋਹ ਧਾਤੂ ਦੀਆਂ ਕੀਮਤਾਂ ’ਚ 9 ਤੋਂ 10 ਫ਼ੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ।

ਖਾਸ ਤੌਰ ’ਤੇ ਚੀਨ ਦੇ ਐੱਚ. ਆਰ. ਸੀ. ਦੀਆਂ ਬਰਾਮਦ ਕੀਮਤਾਂ ’ਚ 2024 ’ਚ 12 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਅਜੇ ਵੀ ਘਰੇਲੂ ਮਿੱਲ ਕੀਮਤਾਂ ਦੇ ਮੁਕਾਬਲੇ ਛੋਟ ’ਤੇ ਕਾਰੋਬਾਰ ਕਰ ਰਹੀਆਂ ਹਨ। ਕ੍ਰਿਸਿਲ ਨੇ ਕਿਹਾ ਕਿ ਘਰੇਲੂ ਸਟੀਲ ਦੀ ਮੰਗ ਚਾਲੂ ਸਾਲ ’ਚ ਹੋਰ ਪ੍ਰਮੁੱਖ ਸਟੀਲ ਖਪਤਕਾਰ ਅਰਥਵਿਵਸਥਾਵਾਂ ਤੋਂ ਅੱਗੇ ਨਿਕਲਦੀ ਰਹੇਗੀ ਅਤੇ ਹਾਊਸਿੰਗ ਅਤੇ ਬੁਨਿਆਦੀ ਢਾਂਚਾ ਖੇਤਰਾਂ ’ਚ ਸਟੀਲ-ਇੰਟੈਂਸਿਵ ਉਸਾਰੀ ਵੱਲ ਬਦਲਾਅ ਦੇ ਨਾਲ-ਨਾਲ ਇੰਜੀਨੀਅਰਿੰਗ, ਪੈਕੇਜਿੰਗ ਅਤੇ ਹੋਰ ਖੇਤਰਾਂ ਤੋਂ ਬਿਹਤਰ ਮੰਗ ਕਾਰਨ 8-9 ਫ਼ੀਸਦੀ ਦਾ ਵਾਧਾ ਹੋਵੇਗਾ। 2024 ’ਚ ਗਲੋਬਲ ਸਟੀਲ ਮੰਗ ’ਚ 1 ਫ਼ੀਸਦੀ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ।

ਯੂਰਪ, ਜਾਪਾਨ ਅਤੇ ਅਮਰੀਕਾ ਤੋਂ ਸਟੀਲ ਦੀ ਮੰਗ

ਚੀਨ ’ਚ ਮੰਗ ’ਚ 3.5 ਫ਼ੀਸਦੀ ਦੀ ਗਿਰਾਵਟ ਵੇਖੀ ਗਈ। ਚੀਨ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਉਤਪਾਦਕ ਅਤੇ ਖਪਤਕਾਰ ਹੈ। ਏਜੰਸੀ ਨੇ ਕਿਹਾ ਕਿ ਯੂਰਪ, ਜਾਪਾਨ ਅਤੇ ਅਮਰੀਕਾ ਵੱਲੋਂ ਸਟੀਲ ਦੀ ਮੰਗ ’ਚ ਵੀ 2-3 ਫ਼ੀਸਦੀ ਦੀ ਅੰਦਾਜ਼ਾਨ ਗਿਰਾਵਟ ਦਰਜ ਕੀਤੀ ਗਈ।

ਹਾਲਾਂਕਿ, ਭਾਰਤ ਅਤੇ ਬ੍ਰਾਜ਼ੀਲ ਵਰਗੀਆਂ ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਮੰਗ ’ਚ ਵਾਧੇ ਨੇ ਗਲੋਬਲ ਮੰਗ ’ਚ ਭਾਰੀ ਗਿਰਾਵਟ ਨੂੰ ਰੋਕਿਆ। ਏਜੰਸੀ ਨੇ ਕਿਹਾ ਕਿ ਭਾਰਤ ’ਚ ਮੰਗ ’ਚ 11 ਫ਼ੀਸਦੀ, ਬ੍ਰਾਜ਼ੀਲ ’ਚ 5.6 ਫ਼ੀਸਦੀ ਅਤੇ ਹੋਰ ਸਟੀਲ ਖਪਤਕਾਰ ਅਰਥਵਿਵਸਥਾਵਾਂ ’ਚ 2.7 ਫ਼ੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ।


author

Harinder Kaur

Content Editor

Related News