ਸਟੀਲ ਅਤੇ ਮੈਟਲ ਸ਼ੇਅਰਾਂ ਦੀ ਦੌੜ ਜਾਰੀ, ਮੈਟਲ ਇੰਡੈਕਸ 5 ਫੀਸਦੀ ਤੋਂ ਜ਼ਿਆਦਾ ਉਛਲਿਆ
Saturday, May 08, 2021 - 10:37 AM (IST)
ਜਲੰਧਰ (ਵਿਸ਼ੇਸ਼) – ਸ਼ੇਅਰ ਬਾਜ਼ਾਰ ’ਚ ਮੈਟਲ ਨਾਲ ਸਬੰਧਤ ਕੰਪਨੀਆਂ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ’ਤੇ ਸ਼ੁੱਕਰਵਾਰ ਨੂੰ ਖੂਬ ਮੁਨਾਫੇ ਦੀ ਬਰਸਾਤ ਹੋਈ। ਹਾਲਾਂਕਿ ਹਫਤੇ ਦੇ ਆਖਰੀ ਕਾਰੋਬਾਰੀ ਦਿਨ ’ਚ ਮੁੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ ਸਿਰਫ 0.52 ਫੀਸਦੀ ਉਛਲਿਆ ਅਤੇ 256.71 ਅੰਕ ਦੀ ਤੇਜ਼ੀ ਨਾਲ 49206.47 ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਨਿਫਟੀ 0.67 ਫੀਸਦੀ ਦੀ ਤੇਜ਼ੀ ਨਾਲ 98.35 ਅੰਕ ਉੱਪਰ 14823.15 ’ਤੇ ਬੰਦ ਹੋਇਆ ਪਰ ਮੈਟਲ ਇੰਡੈਕਸ ਨੇ ਮੁੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ’ਚ ਜ਼ਬਰਦਸਤ ਤੇਜ਼ੀ ਦਿਖਾਈ। ਬੀ. ਐੱਸ. ਈ. ਦਾ ਮੈਟਲ ਇੰਡੈਕਸ 987.26 ਅੰਕ ਦੀ ਤੇਜ਼ੀ ਨਾਲ 5.29 ਫੀਸਦੀ ਉੱਪਰ 19655.48 ਅੰਕ ’ਤੇ ਬੰਦ ਹੋਇਆ ਜਦੋਂ ਕਿ ਨਿਫਟੀ ਮੈਟਲ ਵੀ 4.73 ਫੀਸਦੀ ਤੇਜ਼ੀ ਦਿਖਾਉਂਦੇ ਹੋਏ 240.85 ਅੰਕ ਉੱਪਰ 5335.85 ’ਤੇ ਬੰਦ ਹੋਇਆ। ਮੈਟਲ ਨਿਫਟੀ ਦਾ ਇਹ ਉੱਚ ਪੱਧਰ ਹੈ ਜਦੋਂ ਕਿ ਬੀ. ਐੱਸ. ਈ. ਦਾ ਮੈਟਲ ਇੰਡੈਕਸ 20494 ਦੇ ਪੱਧਰ ਤੋਂ ਫਿਲਹਾਲ 839 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ
ਸ਼ਾਨਦਾਰ ਨਤੀਜਿਆਂ ਕਾਰਨ ਟਾਟਾ ਸਟੀਲ ’ਚ ਤੇਜ਼ੀ ਜਾਰੀ
ਟਾਟਾ ਸਟੀਲ ਵਲੋਂ 5 ਮਈ ਐਲਾਨ ਕੀਤੇ ਗਏ ਵਿੱਤੀ ਸਾਲ ਦੇ ਆਖਰੀ ਤਿਮਾਹੀ ਨਤੀਜਿਆਂ ਤੋਂ ਬਾਅਦ ਸ਼ੇਅਰ ’ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸ਼ੇਅਰ 6 ਮਾਰਚ ਨੂੰ 2.87 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਇਆ ਸੀ ਜਦੋਂ ਕਿ ਸ਼ੁੱਕਰਵਾਰ ਨੂੰ ਟਾਟਾ ਸਟੀਲ ਨੇ 7.40 ਫੀਸਦੀ ਦੀ ਸ਼ਾਨਦਾਰ ਤੇਜ਼ੀ ਦਿਖਾਈ। ਟਾਟਾ ਸਟੀਲ ਵਲੋਂ ਐਲਾਨੇ ਨਤੀਜਿਆਂ ’ਚ ਕੰਪਨੀ ਨੂੰ ਪਿਛਲੀ ਤਿਮਾਹੀ ’ਚ ਕੰਪਨੀ ਦਾ ਨੈੱਟ ਪ੍ਰਾਫਿਟ 6644.2 ਕਰੋੜ ਰੁਪਏ ਰਿਹਾ ਜਦੋਂ ਕਿ ਪਿਛਲੇ ਸਾਲ ਇਸੇ ਤਿਮਾਹੀ ’ਚ ਕੰਪਨੀ ਨੂੰ 1481.3 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸਾਲਾਨਾ ਆਧਾਰ ’ਤੇ ਕੰਪਨੀ ਦਾ ਆਪ੍ਰੇਸ਼ਨਸ ਤੋਂ ਰੈਵੇਨਿਊ 39 ਫੀਸਦੀ ਦੀ ਤੇਜ਼ੀ ਨਾਲ 49,977.4 ਕਰੋੜ ਰੁਪਏ ਰਿਹਾ। ਕੰਪਨੀ ਨੇ ਬੋਰਡ ਦੇ ਨਤੀਜਿਆਂ ਤੋਂ ਬਾਅਦ 25 ਰੁਪਏ ਪ੍ਰਤੀ ਸ਼ੇਅਰ ਦਾ ਡਿਵੀਡੈਂਡ ਵੀ ਦਿੱਤਾ ਸੀ।
ਇਹ ਵੀ ਪੜ੍ਹੋ : ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ ਕਰਨਗੀਆਂ ਵੱਡਾ ਨਿਵੇਸ਼
ਕਮਜ਼ੋਰ ਡਾਲਰ ਕਾਰਨ ਮੈਟਲ ਕੀਮਤਾਂ ’ਚ ਤੇਜ਼ੀ
ਦਰਅਸਲ ਕੌਮਾਂਤਰੀ ਪੱਧਰ ’ਤੇ ਡਾਲਰ ਦੀ ਸਥਿਤੀ ਕਮਜ਼ੋਰ ਹੋਣ ਕਾਰਨ ਮੈਟਲ ਦੀਆਂ ਕੀਮਤਾਂ ’ਚ ਦੁਨੀਆ ਭਰ ’ਚ ਇਤਿਹਾਸਿਕ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦਰਮਿਆਨ ਚੀਨ ’ਚ ਮੈਟਲਸ ਦੀ ਮੰਗ ਵਧਣ ਦਾ ਵੀ ਇਸ ਦੀਆਂ ਕੀਮਤਾਂ ’ਤੇ ਅਸਰ ਪਿਆ ਹੈ। ਵਧਦੀ ਹੋਈ ਮੰਗ ਨੂੰ ਦੇਖਦੇ ਹੋਏ ਹੀ ਚੀਨ ਨੇ 1 ਮਈ ਤੋਂ ਕਈ ਸਟੀਲ ਉਤਪਾਦਾਂ ’ਤੇ ਲਗਾਈ ਗਈ ਇੰਪੋਰਟ ਡਿਊਟੀ ਨੂੰ ਹਟਾ ਲਿਆ ਹੈ ਜਦੋਂ ਕਿ ਚੀਨ ਤੋਂ ਸਟੀਲ ਦੀ ਬਰਾਮਦ ਕਰਨ ਵਾਲੇ ਬਰਾਮਦਕਾਰਾਂ ਨੂੰ ਦਿੱਤਾ ਜਾਣ ਵਾਲਾ 13 ਫੀਸਦੀ ਦਾ ਭੱਤਾ ਵੀ ਬੰਦ ਕਰ ਦਿੱਤਾ ਹੈ ਅਤੇ ਹਾਈ ਸਿਲੀਕਾਨ ਸਟੀਲ ’ਤੇ ਬਰਾਮਦ ਟੈਕਸ ਨੂੰ 20 ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ ਜਦੋਂ ਕਿ ਪਿਗ ਆਇਰਨ ’ਤੇ ਐਕਸਪੋਰਟ ਡਿਊਟੀ ਵਧਾ ਕੇ 10 ਤੋਂ 15 ਫੀਸਦੀ ਕਰ ਦਿੱਤੀ ਹੈ। ਚੀਨ ਵਾਤਾਵਰਣ ਸਬੰਧੀ ਆਪਣੀਆਂ ਕੌਮਾਂਤਰੀ ਵਚਨਬੱਧਤਾਵਾਂ ਕਾਰਨ ਵੀ ਦੇਸ਼ ’ਚ ਸਟੀਲ ਦੇ ਨਿਰਮਾਣ ’ਚ ਕਮੀ ਕਰ ਰਿਹਾ ਹੈ, ਜਿਸ ਕਾਰਨ ਦੁਨੀਆ ਭਰ ’ਚ ਸਟੀਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਚੀਨ ਵਲੋਂ ਇੰਪੋਰਟ ਡਿਊਟੀ ਹਟਾਉਣ ਤੋਂ ਬਾਅਦ ਭਾਰਤ ਦੇ ਘਰੇਲੂ ਬਾਜ਼ਾਰ ’ਚ ਸਟੀਲ ਦੀਆਂ ਕੀਮਤਾਂ 13 ਫੀਸਦੀ ਹੇਠਾਂ ਚੱਲ ਰਹੀਆਂ ਹਨ ਅਤੇ ਭਾਰਤ ’ਚ ਸਟੀਲ ਨਿਰਮਾਤਾ ਕੰਪਨੀਆਂ ਕੋਲ ਹੁਣ ਵੀ ਸਟੀਲ ਦੀਆਂ ਕੀਮਤਾਂ ਵਧਾਉਣ ਦਾ ਚੰਗਾ ਮੌਕਾ ਹੈ। ਇਸ ਲਈ ਕੋਰੋਨਾ ਕਾਰਨ ਆਏ ਮੌਜੂਦਾ ਆਰਥਿਕ ਠਹਿਰਾਅ ਦੇ ਬਾਵਜੂਦ ਸਟੀਲ ਕੰਪਨੀਆਂ ਦੇ ਮੁਨਾਫੇ ’ਤੇ ਆਉਣ ਵਾਲੀਆਂ ਤਿਮਾਹੀਆਂ ’ਤੇ ਖਾਸ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ : 'ਕੋਰੋਨਾ ਨੂੰ ਹਰਾਉਣ ਲਈ ਚੁੱਕਣੇ ਪੈਣਗੇ ਇਹ ਮਹੱਤਵਪੂਰਨ ਕਦਮ'
ਮੈਟਲ ਇੰਡੈਕਸ ਛੇ ਮਹੀਨੇ ’ਚ ਦੁੱਗਣੇ ਤੋਂ ਜ਼ਿਆਦਾ ਉਛਲਿਆ
ਸਟੀਲ ਦੇ ਸ਼ੇਅਰਾਂ ’ਚ ਤੇਜ਼ੀ ਦਾ ਇਹ ਆਲਮ ਛੇ ਮਹੀਨੇ ਪਹਿਲਾਂ ਨਵੰਬਰ ’ਚ ਸ਼ੁਰੂ ਹੋਇਆ ਸੀ। ਨਵੰਬਰ ਦੇ ਪਹਿਲੇ ਹਫਤੇ ’ਚ ਬੀ. ਐੱਸ. ਈ. ਦਾ ਮੈਟਲ ਇੰਡੈਕਸ ਕਰੀਬ 8500 ਅੰਕਾਂ ’ਤੇ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਹੁਣ ਇਹ ਦੁੱਗਣੇ ਤੋਂ ਜ਼ਿਆਦਾ ਵਧ ਕੇ 19655 ’ਤੇ ਪਹੁੰਚ ਚੁੱਕਾ ਹੈ। ਵਿਸ਼ਲੇਸ਼ਕ ਇਸ ’ਚ ਤੇਜ਼ੀ ਦੀ ਉਮੀਦ ਜਤਾ ਰਹੇ ਹਨ ਕਿਉਂਕਿ ਇਹ ਇੰਡੈਕਸ ਆਪਣੇ ਜਨਵਰੀ 2008 ਦੇ ਪੱਧਰ ਤੱਕ ਨਹੀ ਪਹੁੰਚਿਆ ਹੈ ਅਤੇ ਛੇਤੀ ਹੀ ਇਸ ਦੇ ਆਪਣੇ ਉੱਚ ਪੱਧਰ ਨੂੰ ਪਾਰ ਕਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ 'ਚ ਜੂਝ ਰਹੇ ਭਾਰਤ ਨੂੰ ਫਾਈਜ਼ਰ ਨੇ ਦਾਨ ਕੀਤੀ 7 ਕਰੋੜ ਡਾਲਰ ਦੀ ਦਵਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।