ਸਟੇਟ ਬੈਂਕ ਚੇਅਰਮੈਨ ਨੂੰ ਵਿੱਤ ਮੰਤਰੀ ਦੀ ਫਿਟਕਾਰ ’ਤੇ ਬੈਂਕ ਅਧਿਕਾਰੀ ਸੰਘ ਨਾਰਾਜ਼
Sunday, Mar 15, 2020 - 11:02 PM (IST)
ਨਵੀਂ ਦਿੱਲੀ (ਭਾਸ਼ਾ)-ਬੈਂਕ ਅਧਿਕਾਰੀਆਂ ਦੇ ਸੰਗਠਨ ਏ. ਆਈ. ਬੀ. ਓ. ਸੀ. ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਪਿਛਲੇ ਮਹੀਨੇ ਗੁਵਾਟੀ ’ਚ ਇਕ ਬੈਂਕ ਪ੍ਰੋਗਰਾਮ ਦੌਰਾਨ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਨੂੰ ਖਰੀਆਂ-ਖੋਟੀਆਂ ਸੁਣਾਏ ਜਾਣ ਦੀ ਸਖਤ ਨਿੰਦਾ ਕੀਤੀ ਹੈ। ਅਖਿਲ ਭਾਰਤੀ ਬੈਂਕ ਅਧਿਕਾਰੀ ਸੰਘ (ਏ. ਆਈ. ਬੀ. ਓ. ਸੀ.) ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਆਡੀਓ ਕਲਿੱਪ ਪ੍ਰਸਾਰਿਤ ਹੋਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਫਰਵਰੀ ’ਚ ਗਾਹਕਾਂ ਤਕ ਪਹੁੰਚ ਪ੍ਰੋਗਰਾਮ ਦੌਰਾਨ ਵਿੱਤ ਮੰਤਰੀ ਨੇ ਐੱਸ. ਬੀ. ਆਈ. ਪ੍ਰਮੁੱਖ ਨੂੰ ਝਾੜ ਲਾਈ ਸੀ। ਕਰਜ਼ਾ ਉਠਾਅ ਘੱਟ ਰਹਿਣ ਨੂੰ ਲੈ ਕੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ।
ਏ. ਆਈ. ਬੀ. ਓ. ਸੀ. ਬੈਂਕ ਅਧਿਕਾਰੀਆਂ ਦਾ ਵੱਡਾ ਸੰਗਠਨ ਹੈ। ਇਸ ਦੇ ਮੈਂਬਰਾਂ ਦੀ ਗਿਣਤੀ 3,20,000 ਹੈ। ਸੰਗਠਨ ਦੇ ਬਿਆਨ ਅਨੁਸਾਰ ਉਨ੍ਹਾਂ ਨੇ ਰਜਨੀਸ਼ ਕੁਮਾਰ ਨੂੰ ਝਾੜ ਪਾਉਂਦੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਖਾਸ ਕਰ ਕੇ ਅਸਾਮ ’ਚ ਚਾਹ ਬਾਗਾਨ ਕਰਮੀਆਂ ਨੂੰ ਕਰਜ਼ਾ ਦੇਣ ’ਚ ਅਸਫਲ ਰਹਿਣ ਲਈ ਜ਼ਿੰਮੇਵਾਰ ਠਹਿਰਾਇਅਾ। ਨਾਰਾਜ਼ਗੀ ਜਤਾਉਂਦੇ ਹੋਏ ਸੰਗਠਨ ਨੇ ਕਿਹਾ ਕਿ ਵਿੱਤ ਮੰਤਰੀ ਨੇ ਐੱਸ. ਬੀ. ਅਾਈ. ਨੂੰ ਬੇਰਹਿਮ ਬੈਂਕ ਕਿਹਾ ਅਤੇ ਇਕ ਤਰ੍ਹਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਪ੍ਰਮੁੱਖ ਦੀ ਬੇਇੱਜ਼ਤੀ ਕੀਤੀ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਨੇ ਪੂਰੇ ਮਾਮਲੇ ਨੂੰ ਰਿਕਾਰਡ ਕਰ ਲਿਆ ਅਤੇ ਇਹ ਯਕੀਨੀ ਕੀਤਾ ਕਿ ਉਹ ਸੋਸ਼ਲ ਮੀਡੀਆ ’ਤੇ ਫੈਲੇ। ਬਿਆਨ ਅਨੁਸਾਰ ਇਸ ਆਡੀਓ ਨੂੰ ਪ੍ਰਚਾਰਿਤ-ਪ੍ਰਸਾਰਿਤ ਕਰਨ ਦਾ ਮਕਸਦ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦਾ ਅਕਸ ਲੋਕਾਂ ਦੇ ਸਾਹਮਣੇ ਖਰਾਬ ਕਰਨਾ ਹੈ।