4-G ਡਾਊਨਲੋਡ ਸਪੀਡ ਦੇ ਮਾਮਲੇ ’ਚ ਜੀਓ ਦੀ ਬਾਦਸ਼ਾਹਤ ਬਰਕਰਾਰ

03/21/2020 12:07:19 PM

ਨਵੀਂ ਦਿੱਲੀ — ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ 4-ਜੀ ਸਪੀਡ ਦੇ ਮਾਮਲੇ ’ਚ ਹੋਰ ਦੂਰਸੰਚਾਰ ਕੰਪਨੀਆਂ ਨੂੰ ਪਛਾੜਦੇ ਹੋਏ ਆਪਣੀ ਬਾਦਸ਼ਾਹਤ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਵੱਲੋਂ ਫਰਵਰੀ ਲਈ ਪ੍ਰਕਾਸ਼ਿਤ ਔਸਤ 4-ਜੀ ਡਾਊਨਲੋਡ ਸਪੀਡ ਦੇ ਅੰਕੜਿਆਂ ’ਚ ਰਿਲਾਇੰਸ ਜੀਓ ਨੇ ਇਕ ਵਾਰ ਫਿਰ ਬਾਜ਼ੀ ਮਾਰ ਲਈ ਹੈ। ਜੀਓ ਦੀ ਔਸਤ ਡਾਊਨਲੋਡ ਸਪੀਡ 21.5 ਐੱਮ. ਬੀ. ਪੀ. ਐੱਸ. ਰਹੀ ਅਤੇ ਉਹ ਲਗਾਤਾਰ 26 ਮਹੀਨਿਆਂ ਤੋਂ ਸਪੀਡ ਦੇ ਮਾਮਲੇ ’ਚ ਸਭ ਤੋਂ ਤੇਜ਼ 4-ਜੀ ਨੈੱਟਵਰਕ ਬਣਿਆ ਹੋਇਆ ਹੈ।

ਜੀਓ ਦੀ 4-ਜੀ ਸਪੀਡ, ਏਅਰਟੈੱਲ ਅਤੇ ਵੋਡਾਫੋਨ ਤੋਂ ਢਾਈ ਗੁਣਾ ਅਤੇ ਆਈਡੀਆ ਤੋਂ 3 ਗੁਣਾ ਤੋਂ ਵੀ ਜ਼ਿਆਦਾ ਮਾਪੀ ਗਈ। ਟਰਾਈ ਵੱਲੋਂ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਫਰਵਰੀ ’ਚ ਭਾਰਤੀ ਏਅਰਟੈੱਲ ਦੇ ਪ੍ਰਦਰਸ਼ਨ ’ਚ ਮਾਮੂਲੀ ਸੁਧਾਰ ਵੇਖਿਆ ਗਿਆ। ਏਅਰਟੈੱਲ ਦੀ ਔਸਤ 4-ਜੀ ਡਾਊਨਲੋਡ ਸਪੀਡ ਜਨਵਰੀ ਦੇ 7.9 ਐੱਮ. ਬੀ. ਪੀ. ਐੱਸ. ਦੇ ਮੁਕਾਬਲੇ ਫਰਵਰੀ ’ਚ 8.0 ਐੱਮ. ਬੀ. ਪੀ. ਐੱਸ. ਰਹੀ। ਜੀਓ ਦੇ ਮੁਕਾਬਲੇ ਏਅਰਟੈੱਲ ਦੀ ਸਪੀਡ ਢਾਈ ਗੁਣਾ ਘੱਟ ਹੈ। ਹਾਲਾਂਕਿ ਵੋਡਾਫੋਨ ਅਤੇ ਆਈਡੀਆ ਸੈਲੂਲਰ ਨੇ ਆਪਣੇ ਕਾਰੋਬਾਰ ਦਾ ਰਲੇਵਾਂ ਕਰ ਲਿਆ ਹੈ ਅਤੇ ਹੁਣ ਵੋਡਾਫੋਨ-ਆਈਡੀਆ ਦੇ ਰੂਪ ’ਚ ਕੰਮ ਕਰ ਰਹੇ ਹਨ ਪਰ ਟਰਾਈ ਨੇ ਦੋਵਾਂ ਦੇ ਅੰਕੜੇ ਵੱਖ-ਵੱਖ ਦਿਖਾਏ ਹਨ।

ਵੋਡਾਫੋਨ ਨੈੱਟਵਰਕ ਦੀ ਔਸਤ 4-ਜੀ ਡਾਊਨਲੋਡ ਸਪੀਡ ’ਚ ਵੀ ਮਾਮੂਲੀ ਸੁਧਾਰ ਰਿਹਾ। ਫਰਵਰੀ ਮਹੀਨੇ ’ਚ ਵੋਡਾਫੋਨ ਦੀ ਸਪੀਡ ਏਅਰਟੈੱਲ ਦੇ ਬਰਾਬਰ 8.0 ਐੱਮ. ਬੀ. ਪੀ. ਐੱਸ. ਰਹੀ, ਜੋ ਰਿਲਾਇੰਸ ਜੀਓ ਦੇ ਮੁਕਾਬਲੇ ਲਗਭਗ ਢਾਈ ਗੁਣਾ ਘੱਟ ਹੈ। ਜਨਵਰੀ ’ਚ ਵੋਡਾਫੋਨ ਦੀ 4-ਜੀ ਡਾਊਨਲੋਡ ਸਪੀਡ 7.6 ਐੱਮ. ਬੀ. ਪੀ. ਐੱਸ. ਮਾਪੀ ਗਈ ਸੀ। ਆਈਡੀਆ ਦੀ ਸਪੀਡ ’ਚ ਫਰਵਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ, ਹੁਣ ਉਸ ਦੀ 4-ਜੀ ਡਾਊਨਲੋਡ ਸਪੀਡ ਜਨਵਰੀ ਦੇ 6.5 ਐੱਮ. ਬੀ. ਪੀ. ਐੱਸ. ਦੇ ਮੁਕਾਬਲੇ 6.3 ਐੱਮ. ਬੀ. ਪੀ. ਐੱਸ. ਰਹਿ ਗਈ ਹੈ। ਫਰਵਰੀ ’ਚ 6.5 ਐੱਮ. ਬੀ. ਪੀ. ਐੱਸ. ਦੇ ਨਾਲ ਵੋਡਾਫੋਨ ਔਸਤ 4-ਜੀ ਅਪਲੋਡ ਸਪੀਡ ਚਾਰਟ ’ਚ ਸਭ ਤੋਂ ਉਪਰ ਰਿਹਾ।

ਆਈਡੀਆ ਅਤੇ ਏਅਰਟੈੱਲ ਦੀ ਫਰਵਰੀ ਮਹੀਨੇ ’ਚ ਔਸਤ ਅਪਲੋਡ ਸਪੀਡ ਕ੍ਰਮਵਾਰ 5.5 ਐੱਮ. ਬੀ. ਪੀ. ਐੱਸ. ਅਤੇ 3.7 ਐੱਮ. ਬੀ. ਪੀ. ਐੱਸ. ਰਹੀ। ਆਈਡੀਆ ਅਤੇ ਏਅਰਟੈੱਲ ਦੋਵਾਂ ਦੀ ਔਸਤ 4-ਜੀ ਅਪਲੋਡ ਸਪੀਡ ’ਚ ਗਿਰਾਵਟ ਦਰਜ ਕੀਤੀ ਗਈ। ਰਿਲਾਇੰਸ ਜੀਓ ਦੀ 4-ਜੀ ਅਪਲੋਡ ਸਪੀਡ ਏਅਰਟੈੱਲ ਤੋਂ ਜ਼ਿਆਦਾ 3.9 ਐੱਮ. ਬੀ. ਪੀ. ਐੱਸ. ਮਾਪੀ ਗਈ।


Harinder Kaur

Content Editor

Related News