ਸ਼੍ਰੀਲੰਕਾ ਦੀ ਇਕਨੋਮੀ ਡਾਵਾਂਡੋਲ, ਖੜ੍ਹਾ ਹੋਇਆ ਗੰਭੀਰ ਵਿਦੇਸ਼ੀ ਮੁਦਰਾ ਸੰਕਟ
Wednesday, Sep 08, 2021 - 01:19 PM (IST)
ਕੋਲੰਬੋ- ਸ਼੍ਰੀਲੰਕਾ ਗੰਭੀਰ ਵਿਦੇਸ਼ੀ ਮੁਦਰਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨੇ ਮੰਗਲਵਾਰ ਨੂੰ ਸੰਸਦ ਨੂੰ ਇਹ ਜਾਣਕਾਰੀ ਦਿੱਤੀ।
ਬਾਸਿਲ ਰਾਸ਼ਟਰਪਤੀ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਦੇ ਛੋਟੇ ਭਰਾ ਹਨ। ਸ਼੍ਰੀਲੰਕਾ ਕਾਫ਼ੀ ਹੱਦ ਤੱਕ ਸੈਰ-ਸਪਾਟਾ ਅਤੇ ਚਾਹ ਦੀ ਬਰਾਮਦ 'ਤੇ ਨਿਰਭਰ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰਾਜਪਕਸ਼ੇ ਨੇ ਕਿਹਾ ਕਿ ਬਾਹਰੀ ਸੰਕਟ ਤੋਂ ਇਲਾਵਾ ਘਰੇਲੂ ਮੋਰਚੇ 'ਤੇ ਵੀ ਸੰਕਟ ਹੈ। ਦੇਸ਼ ਦਾ ਮਾਲੀਆ ਘੱਟ ਰਿਹਾ ਹੈ, ਜਦੋਂ ਕਿ ਖਰਚ ਲਗਾਤਾਰ ਵੱਧ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ, ''ਸਾਡਾ ਦੇਸ਼ ਗੰਭੀਰ ਵਿਦੇਸ਼ੀ ਕਰੰਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰੀ ਬੈਂਕ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦਾ ਸ਼ੁੱਧ ਵਿਦੇਸ਼ੀ ਮੁਦਰਾ ਭੰਡਾਰ 'ਸਿਫਰ' ਹੋਣ ਦੇ ਕੰਢੇ ਹੈ।'' ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਵਜ੍ਹਾ ਨਾਲ ਇਸ ਸਾਲ ਸਰਕਾਰ ਦਾ ਮਾਲੀਆ ਅਨੁਮਾਨ ਤੋਂ 1,500 ਤੋਂ 1,600 ਅਰਬ ਰੁਪਏ ਘੱਟ ਗਿਆ ਹੈ। ਸ਼੍ਰੀਲੰਕਾ ਦੀ ਅਰਥਵਿਵਸਥਾ ਸੈਰ-ਸਪਾਟਾ ਅਤੇ ਚਾਹ ਵਰਗੀਆਂ ਫ਼ਸਲਾਂ ਦੀ ਬਰਾਮਦ 'ਤੇ ਨਿਰਭਰ ਕਰਦੀ ਹੈ। ਮਹਾਮਾਰੀ ਦੀ ਵਜ੍ਹਾ ਨਾਲ ਲਾਗੂ ਯਾਤਰਾ ਪਾਬੰਦੀਆਂ ਦਾ ਸੈਰ-ਸਪਾਟਾ ਖੇਤਰ 'ਤੇ ਬੁਰਾ ਪ੍ਰਭਾਵ ਪਿਆ ਹੈ।