ਯਾਤਰੀਆਂ ਦੀ ਅਸੁਵਿਧਾ ਘੱਟ ਕਰਨ ਲਈ ਸਪਾਈਜੈੱਟ ਜਹਾਜ਼ ਲਵੇਗਾ ਪੱਟੇ ''ਤੇ

04/12/2019 3:12:46 PM

ਨਵੀਂ ਦਿੱਲੀ — ਹਵਾਈ ਸੇਵਾ ਪ੍ਰਦਾਤਾ ਸਪਾਈਸਜੈੱਟ ਆਪਣੇ ਬੇੜੇ 'ਚ 16 ਬੋਇੰਗ 737-800 ਐਨ.ਜੀ. ਜਹਾਜ਼ਾਂ ਨੂੰ ਸ਼ਾਮਲ ਕਰੇਗੀ। ਉਸਨੇ ਉਡਾਣ ਰੱਦ ਹੋਣ ਦੀ ਸਮੱਸਿਆ ਨੂੰ ਘੱਟ ਕਰਨ ਲਈ ਅੰਤਰਰਾਸ਼ਟਰੀ ਅਤੇ ਘਰੇਲੂ ਪੱਧਰ 'ਤੇ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਇਹ ਕਦਮ ਚੁੱਕਿਆ ਹੈ। ਸਾਰੇ ਜਹਾਜ਼ ਡਰਾਈ ਲੀਜ਼(ਬਿਨਾਂ ਕਰਿਊ ਮੈਂਬਰ ਦੇ ਜਹਾਜ਼ ਪੱਟੇ 'ਤੇ ਲੈਣ ਦੀ ਵਿਵਸਥਾ) ਦੇ ਤਹਿਤ ਲਏ ਜਾਣਗੇ। ਸਪਾਈਸਜੈੱਟ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। 

ਇਸ ਵਿਵਸਥਾ ਦੇ ਤਹਿਤ ਪੱਟੇ 'ਤੇ ਜਹਾਜ਼ ਦੇਣ ਵਾਲੀ ਕੰਪਨੀ ਬਿਨਾਂ ਕਰਿਊ ਮੈਂਬਰ ਦੇ ਕਿਸੇ ਏਅਰਲਾਈਨ ਕੰਪਨੀ ਨੂੰ ਜਹਾਜ਼ ਕਿਰਾਏ 'ਤੇ ਦਿੰਦੀ ਹੈ ਜਦੋਂਕਿ 'ਵੇਟ ਲੀਜ਼' ਦੇ ਤਹਿਤ ਪੂਰੇ ਚਾਲਕ ਦਲ ਦੇ ਨਾਲ ਜਹਾਜ਼ ਪੱਟੇ 'ਤੇ ਦਿੱਤੇ ਜਾਂਦੇ ਹਨ। ਏਅਰਲਾਈਨ ਨੇ ਕਿਹਾ,'ਸਪਾਈਸਜੈੱਟ ਜਹਾਜ਼ ਕਿਰਾਏ 'ਤੇ ਲੈਣ ਦੀ ਵਿਵਸਥਾ ਦੇ ਤਹਿਤ ਆਪਣੇ ਬੇੜੇ 'ਚ 16 ਬੋਇੰਗ 737-800 ਐਨ.ਜੀ. ਜਹਾਜ਼ ਸ਼ਾਮਲ ਕਰੇਗੀ। ਜਹਾਜ਼ਾਂ ਦੇ ਆਯਾਤ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ(ਡੀਜੀਸੀਏ) ਨੇ ਨੋਟੀਫਿਕੇਸ਼ਨ ਸਰਟੀਫਿਕੇਟ(ਐਨ.ਓ.ਸੀ.) ਲਈ ਅਰਜ਼ੀ ਦਿੱਤੀ ਹੈ। 
ਕੰਪਨੀ ਨੇ ਕਿਹਾ ਕਿ ਰੈਗੂਲੇਟਰੀ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ 10 ਦਿਨਾਂ ਵਿਚ ਸਪਾਈਸਜੈੱਟ ਦੇ ਬੇੜੇ ਵਿਚ ਜਹਾਜ਼ ਸ਼ਾਮਲ ਹੋਣ ਲੱਗ ਜਾਣਗੇ। ਸਪਾਈਸਜੈੱਟ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਉਡਾਣ ਰੱਦ ਹੋਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇਗਾ ਸਗੋਂ ਇਸ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਅਤੇ ਘਰੇਲੂ ਪੱਧਰ 'ਤੇ ਆਪਣੀ ਮੌਜੂਦਗੀ ਵਧਾਉਣ 'ਚ ਵੀ ਸਹਾਇਤਾ ਮਿਲੇਗੀ। 

ਸਪਾਈਸਜੈੱਟ ਵਲੋਂ ਇਹ ਐਲਾਨ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਉਡਾਣਾਂ ਦੀ ਸੰਖਿਆ 'ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਅਤੇ ਹਵਾਈ ਉਡਾਣਾਂ ਦੇ ਕਿਰਾਏ ਤੇਜ਼ੀ ਨਾਲ ਵਧ ਰਹੇ ਹਨ। ਦੂਜੇ ਪਾਸੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਦੇ ਬੇੜੇ ਦੇ ਕਰੀਬ 90 ਫੀਸਦੀ ਜਹਾਜ਼ ਆਪਰੇਸ਼ਨ ਤੋਂ ਬਾਹਰ ਹੋਣ ਦੇ ਕਾਰਨ ਵੀ ਯਾਤਰੀ ਨੂੰ ਵੱਡੀ ਪਰੇਸ਼ਾਨੀ ਹੋ ਰਹੀ ਹੈ।


Related News