ਬਿਹਾਰ ਦੇ ਦਰਭੰਗਾ ਤੋਂ ਸਪਾਈਸ ਜੈੱਟ 8 ਨਵੰਬਰ ਤੋਂ ਸ਼ੁਰੂ ਕਰੇਗੀ ਉਡਾਣਾਂ
Monday, Sep 21, 2020 - 04:24 PM (IST)
ਨਵੀਂ ਦਿੱਲੀ : ਬਿਹਾਰ ਦੇ ਦਰਭੰਗਾ ਹਵਾਈ ਅੱਡੇ ਤੋਂ ਆਗਾਮੀ 8 ਨਵੰਬਰ ਤੋਂ ਦਿੱਲੀ, ਮੁੰਬਈ ਅਤੇ ਬੇਂਗਲੁਰੂ ਲਈ ਉਡਾਣਾਂ ਸ਼ੁਰੂ ਹੋਣਗੀਆਂ।
ਕਿਫ਼ਾਇਤੀ ਹਵਾਈ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਇਨ੍ਹਾਂ ਮਾਰਗਾਂ 'ਤੇ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਸਰਕਾਰ ਦੀ ਖੇਤਰੀ ਸੰਪਰਕ ਯੋਜਨਾ 'ਉਡਾਣ' ਤਹਿਤ ਏਅਰਲਾਈਨ ਨੂੰ ਇਨ੍ਹਾਂ ਮਾਰਗਾਂ ਦੀ ਮਨਜ਼ੂਰੀ ਦਿੱਤੀ ਗਈ ਸੀ। ਸਪਾਈਸ ਜੈੱਟ ਨੇ ਕਿਹਾ ਕਿ ਸਾਰੇ ਮਾਰਗਾਂ 'ਤੇ ਇਕ ਪਾਸੇ ਦਾ ਕਿਰਾਇਆ 3,799 ਰੁਪਏ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਸਾਰੇ ਟੈਕਸ ਤੇ ਚਾਰਜ ਸ਼ਾਮਲ ਹੋਣਗੇ।
ਦਰਭੰਗਾ ਸਪਾਈਸ ਜੈੱਟ ਦੇ ਨੈੱਟਵਰਕ ਵਿਚ ਸ਼ਾਮਲ ਹੋਣ ਵਾਲਾ 55ਵਾਂ ਘਰੇਲੂ ਮਾਰਗ ਹੈ। ਇਨ੍ਹਾਂ ਮਾਰਗਾਂ 'ਤੇ ਬੋਇੰਗ 737-800 ਜਹਾਜ਼ਾਂ ਦਾ ਸੰਚਾਲਨ ਕੀਤਾ ਜਾਵੇਗਾ। ਦਰਭੰਗਾ ਬਿਹਾਰ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਮਿਥਲਾਂਚਲ ਖੇਤਰ ਦਾ ਕੇਂਦਰ ਹੈ। ਇੱਥੋਂ ਉਡਾਣ ਸ਼ੁਰੂ ਹੋਣ ਨਾਲ ਮੁਜ਼ਫਰਪੁਰ, ਮਧੁਬਨੀ, ਸਮਸਤੀਪੁਰ, ਸੀਤਾਮੜੀ, ਚੰਪਾਰਣ, ਸਹਰਸਾ ਅਤੇ ਪੁਰਣੀਆ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਅਜੇ ਹਵਾਈ ਯਾਤਰਾ ਲਈ ਪਟਨਾ ਜਾਣਾ ਪੈਂਦਾ ਹੈ।