ਸਪਾਈਸ ਜੈੱਟ 28 ਮਾਰਚ ਤੋਂ ਘਰੇਲੂ ਰੂਟਾਂ ''ਤੇ 66 ਨਵੀਆਂ ਉਡਾਣਾਂ ਸ਼ੁਰੂ ਕਰੇਗੀ
Saturday, Mar 13, 2021 - 02:11 PM (IST)
ਮੁੰਬਈ - ਸਪਾਈਸ ਜੈੱਟ ਨੇ ਘਰੇਲੂ ਨੈੱਟਵਰਕ 'ਤੇ 28 ਮਾਰਚ ਤੋਂ 66 ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਕੁਝ ਮਾਰਗਾਂ 'ਤੇ ਵਾਧੂ ਉਡਾਣਾਂ ਚਲਾਈਆਂ ਜਾਣੀਆਂ ਵੀ ਸ਼ਾਮਲ ਹਨ। ਏਅਰਲਾਈਨ ਨੇ ਸ਼ਨੀਵਾਰ ਨੂੰ ਕਿਹਾ ਕਿ ਨਵੀਆਂ ਉਡਾਣਾਂ ਲਈ ਬੋਇੰਗ 737 ਅਤੇ ਬੰਬਾਰਡੀਅਰ ਕਿਊ 400 ਦਾ ਇਸਤੇਮਾਲ ਕੀਤਾ ਜਾਵੇਗਾ।
ਏਅਰਲਾਈਨ ਨੇ ਕਿਹਾ ਕਿ ਛੋਟੇ ਸ਼ਹਿਰਾਂ ਦੀ ਯਾਤਰਾ ਮੰਗ ਨੂੰ ਪੂਰਾ ਕਰਨ ਲਈ ਉਸ ਨੇ ਦਰਭੰਗਾ, ਦੁਰਗਾਪੁਰ, ਝਾਰਸੁਗੁੜਾ, ਗਵਾਲੀਅਰ ਤੇ ਨਾਸਿਕ ਨੂੰ ਕੁਝ ਮਹੱਤਵਪੂਰਨ ਮਹਾਨਗਰਾਂ ਨਾਲ ਜੋੜਣ ਲਈ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਸ਼ੁਰੂਆਤ ਵਿਚ ਇਨ੍ਹਾਂ ਸ਼ਹਿਰਾਂ ਨੂੰ ਸਪਾਈਸ ਜੈੱਟ ਨੇ ਉਡਾਣ ਯੋਜਨਾ ਨਾਲ ਜੋੜਿਆ ਸੀ।
ਸਪਾਈਸ ਜੈੱਟ ਨੇ ਕਿਹਾ ਕਿ ਉਹ ਅਹਿਮਦਾਬਾਦ-ਦਰਭੰਗਾ-ਅਹਿਮਦਾਬਾਦ, ਹੈਦਰਾਬਾਦ-ਦਰਭੰਗਾ-ਹੈਦਰਾਬਾਦ, ਪੁਣੇ-ਦਰਭੰਗਾ-ਪੁਣੇ ਅਤੇ ਕੋਲਕਾਤਾ-ਦਰੰਭਗਾ-ਕੋਲਕਾਤਾ ਮਾਰਗ 'ਤੇ ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਇਸੇ ਤਰ੍ਹਾਂ ਦੁਰਗਾਪੁਰ ਨੂੰ ਪੁਣੇ ਨਾਲ ਜੋੜਿਆ ਜਾਵੇਗਾ। ਝਾਰਸੁਗੁੜਾ ਨੂੰ ਹੁਣ ਦਿੱਲੀ, ਹੈਦਰਾਬਾਦ ਅਤੇ ਕੋਲਕਾਤਾ ਤੋਂ ਬਾਅਦ ਚੇਨੱਈ ਨਾਲ ਜੋੜਿਆ ਜਾਵੇਗਾ।