ਸਪਾਈਸਜੈੱਟ ਖਰੀਦੇਗੀ 10,981 ਕਰੋੜ ਦੇ ਏਅਰਕ੍ਰਾਫਟ
Thursday, Jun 22, 2017 - 12:35 AM (IST)
ਪੈਰਿਸ — ਦੇਸ਼ ਦੀਆਂ ਵੱਡੀਆਂ ਏਅਰਲਾਇਨਸ ਕੰਪਨੀਆਂ 'ਚੋਂ ਸ਼ਾਮਿਲ ਸਪਾਈਸਜੈੱਟ ਨੇ 1.7 ਅਰਬ ਡਾਲਰ (ਤਕਰੀਬਨ 10,981 ਕਰੋੜ ਰੁਪਏ) ਦੀ ਵੈਲਿਊ ਵਾਲੇ ਬੰਬਾਡਰੀਅਰ-Q400 ਏਅਰਕ੍ਰਾਫਟ ਖਰੀਦਣ ਦੀ ਘੋਸ਼ਣਾ ਕੀਤੀ ਹੈ। ਇਸ ਆਰਡਰ 'ਚ 25 ਏਅਰਕ੍ਰਾਫਟ ਲਈ ਪੱਕਾ ਆਰਡਰ ਅਤੇ ਭਵਿੱਖ 'ਚ 25 ਏਅਰਕ੍ਰਾਫਟ ਹੋਰ ਜੋੜਨ ਦਾ ਬਦਲ ਸ਼ਾਮਿਲ ਹੈ। ਇਸ ਨਾਲ ਸਪਾਈਸਜੈੱਟ ਭਾਰਤ 'ਚ ਸਭ ਤੋਂ ਵੱਡਾ ਟਰਬੋਪ੍ਰਾਪ ਏਅਰਕ੍ਰਾਫਟ ਆਪਰੇਟਰ ਬਣ ਗਿਆ ਹੈ।
ਸਪਾਈਸਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੇ ਸਿੰਘ ਨੇ ਦੱਸਿਆ,'ਅਸੀਂ ਪਹਿਲਾਂ ਹੀ Q400 ਮਾਡਲ ਦੇ 20 ਏਅਰਕ੍ਰਾਫਟ ਆਪਰੇਟ ਕਰ ਰਹੇ ਹਾਂ ਅਤੇ 2020 ਦੀ ਸ਼ੁਰੂਆਤ ਤੱਕ ਅਜਿਹੇ 25 ਏਅਰਕ੍ਰਾਫਟ ਹੋਰ ਜੋੜਾਂਗੇ। ਇਨ੍ਹਾਂ ਦੀ ਡਿਲੀਵਰੀ 2018 ਦੀ ਸ਼ੁਰੂਆਤ ਨਾਲ ਹੋਵੇਗੀ ਅਤੇ ਅਸੀਂ 2020 ਤੱਕ ਹਰ ਮਹੀਨੇ ਇਕ ਏਅਰਕ੍ਰਾਫਟ ਨੂੰ ਆਪਣੇ ਬੇੜੇ 'ਚ ਸ਼ਾਮਿਲ ਕਰਾਂਗੇ।' ਦੇਸ਼ ਦੀ ਸਭ ਤੋਂ ਵੱਡੀ ਬਜਟ ਏਅਰਲਾਇਨ ਇੰਡੀਗੋ ਨੇ ਇਸ ਤੋਂ ਪਹਿਲਾਂ 50 ਏਟੀਆਰ ਏਅਰਕ੍ਰਾਫਟ ਖਰੀਦਣ ਦਾ ਆਰਡਰ ਦਿੱਤਾ ਸੀ। ਇੰਡੀਗੋ ਨੇ ਇਕ ਨਵੀਂ ਰੀਜ਼ਨਲ ਸਬਸਡਿਅਰੀ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ ਸੀ।
ਸਿੰਘ ਨੇ ਦੱਸਿਆ ਕਿ ਸਪਾਈਸਜੈੱਟ ਦੇ Q400 ਏਅਰਕ੍ਰਾਫਟ ਅਜੇ ਤ੍ਰਿਵੇਂਦਰਮ ਅਤੇ ਕੋਚੀ ਤੋਂ ਮਾਲੇ ਅਤੇ ਕੋਲਕਾਤਾ ਤੋਂ
ਢਾਕਾ ਲਈ ਉਡਾਣ ਭਰਦੇ ਹਨ। ਉਨ੍ਹਾਂ ਕਿਹਾ ਕਿ ਏਅਰਲਾਇਨ ਗੁਆਂਢੀ ਦੇਸ਼ਾਂ ਦੇ ਕਈ ਹੋਰ ਸ਼ਹਿਰਾਂ ਨੂੰ ਦੇਸ਼ ਦੇ ਛੋਟੇ ਸ਼ਹਿਰਾਂ ਨਾਲ ਜੋੜ ਸਕਦੀ ਹੈ। ਇਨ੍ਹਾਂ 'ਚ ਵਾਰਾਣਸੀ-ਕਾਠਮਾਂਡੂੰ ਦੀ ਉਡਾਣ ਵੀ ਸ਼ਾਮਿਲ ਹੈ।
