ਸਪਾਈਸਜੈੱਟ ਨੇ 80 ਪਾਇਲਟਾਂ ਨੂੰ ਦਿੱਤਾ ਝਟਕਾ, ‘ਜ਼ਬਰੀ’ ਬਿਨਾਂ ਤਨਖ਼ਾਹ ਛੁੱਟੀ ’ਤੇ ਭੇਜਿਆ
Wednesday, Sep 21, 2022 - 12:37 PM (IST)

ਨਵੀਂ ਦਿੱਲੀ : ਸਪਾਈਸਜੈੱਟ ਨੇ ਆਪਣੇ 80 ਪਾਇਲਟਾਂ ਨੂੰ ਤਿੰਨ ਮਹੀਨਿਆਂ ਲਈ ਬਿਨਾਂ ਤਨਖ਼ਾਹ ਛੁੱਟੀ ’ਤੇ ਭੇਜ ਦਿੱਤਾ ਹੈ। ਗੁਰੂਗ੍ਰਾਮ ਦੀ ਰਿਆਇਤੀ ਹਵਾਬਾਜ਼ੀ ਸੇਵਾ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਕਦਮ ਲਾਗਤ ਨੂੰ ਨਿਆਂਸੰਗਤ ਕਰਨ ਦੇ ਅਸਥਾਈ ਉਪਾਅ ਦੇ ਤਹਿਤ ਉਠਾਇਆ ਗਿਆ ਹੈ। ਸਪਾਈਸਜੈੱਟ ਨੇ ਬਿਆਨ ’ਚ ਕਿਹਾ ਕਿ ਇਹ ਉਪਾਅ ਏਅਰਲਾਈਨ ਦੀ ਕਿਸੇ ਮੁਲਾਜ਼ਮ ਨੂੰ ਨੌਕਰੀ ਤੋਂ ਬਾਹਰ ਨਾ ਕਰਨ ਦੀ ਨੀਤੀ ਦੇ ਮੁਤਾਬਕ ਹੈ। ਕੋਵਿਡ ਮਹਾਮਾਰੀ ਦੌਰਾਨ ਵੀ ਏਅਰਲਾਈਨ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਸੀ। ਇਸ ਕਦਮ ਨਾਲ ਪਾਇਲਟਾਂ ਦੀ ਗਿਣਤੀ ਜਹਾਜ਼ਾਂ ਦੇ ਬੇੜੇ ਨਾਲ ਮੇਲ ਖਾਂਦੀ ਰਹੇਗੀ। ‘ਜ਼ਬਰੀ’ ਬਿਨਾਂ ਤਨਖ਼ਾਹ ਛੁੱਟੀ ’ਤੇ ਭੇਜੇ ਗਏ ਪਾਇਲਟ ਏਅਰਲਾਈਨ ਦੇ ਬੋਇੰਗ ਅਤੇ ਬੰਬਾਰਡੀਅਰ ਬੇੜੇ ਦੇ ਹਨ।
ਇਕ ਪਾਇਲਟ ਨੇ ਕਿਹਾ ਕਿ ਸਾਨੂੰ ਏਅਰਲਾਈਨ ਦੇ ਵਿੱਤੀ ਸੰਕਟ ਦੀ ਜਾਣਕਾਰੀ ਹੈ ਪਰ ਅਚਾਨਕ ਕੀਤੇ ਗਏ ਇਸ ਫ਼ੈਸਲੇ ਨਾਲ ਸਾਨੂੰ ਝਟਕਾ ਲੱਗਾ ਹੈ। ਤਿੰਨ ਮਹੀਨਿਆਂ ਬਾਅਦ ਕੰਪਨੀ ਦੀ ਵਿੱਤੀ ਸਥਿਤੀ ਕੀ ਹੋਵੇਗੀ, ਇਸ ਨੂੰ ਲੈ ਕੇ ਵੀ ਅਨਿਸ਼ਚਿਤਤਾ ਹੈ। ਇਸ ਗੱਲ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ ਕਿ ਛੁੱਟੀ ’ਤੇ ਭੇਜੇ ਗਏ ਪਾਇਲਟਾਂ ਨੂੰ ਵਾਪਸ ਸੱਦਿਆ ਜਾਵੇਗਾ।