ਸਪਾਈਸਜੈੱਟ ਨੇ ਕੈਨੇਡੀਅਨ ਜਹਾਜ਼ ਨਿਰਮਾਤਾ ਕੰਪਨੀ ਨਾਲ ਸਾਰੇ ਵਿਵਾਦਾਂ ਦਾ ਕੀਤਾ ਨਿਪਟਾਰਾ
Thursday, Dec 16, 2021 - 03:44 PM (IST)
ਨਵੀਂ ਦਿੱਲੀ (ਭਾਸ਼ਾ) – ਸਪਾਈਸਜੈੱਟ ਨੇ ਕੈਨੇਡਾ ਦੀ ਜਹਾਜ਼ ਨਿਰਮਾਤਾ ਕੰਪਨੀ ਡੀ ਹੈਵੀਲੈਂਡ ਨਾਲ ਕਿਊ400 ਟਰਬੋਪ੍ਰਾਪ ਜਹਾਜ਼ ਖਰੀਦ ਸਮਝੌਤੇ ਨਾਲ ਸਬੰਧਤ ਸਾਰੇ ਵਿਵਾਦਾਂ ਦੇ ਨਿਪਟਾਰੇ ਲਈ ਇਕ ਸਮਝੌਤਾ ਕੀਤਾ ਹੈ।
ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਇਕ ਬਿਆਨ ’ਚ ਕਿਹਾ ਕਿ ਬ੍ਰਿਟੇਨ ਅਤੇ ਦਿੱਲੀ ਹਾਈਕੋਰਟ ਦੇ ਸਾਹਮਣੇ ਸਾਰੀਆਂ ਸਬੰਧਤ ਪ੍ਰਕਿਰਿਆਵਾਂ ਰੋਕ ਦਿੱਤੀਆਂ ਗਈਆਂ ਹਨ। ਨਿਪਟਾਰਾ ਸ਼ਰਤਾ ਦੀ ਪਾਲਣਾ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਲਿਆ ਜਾਵੇਗਾ। ਕੰਪਨੀ ਨੇ ਕਿਹਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ 13 ਦਸੰਬਰ 2021 ਨੂੰ ਡੀ. ਐੱਚ. ਸੀ.-8-400 ਜਹਾਜ਼ ਦੀ ਨਿਰਮਾਤਾ ਕੰਪਨੀ ਨਾਲ ਇਕ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ’ਚ ਦੋਵੇਂ ਪੱਖ ਜਹਾਜ਼ ਖਰੀਦ ਸਮਝੌਤੇ ਨਾਲ ਸਬੰਧਤ ਸਾਰੇ ਵਿਵਾਦਾਂ ਨੂੰ ਹੱਲ ਕਰਨ ’ਤੇ ਸਹਿਮਤ ਹੋਏ ਹਨ।
ਸਪਾਈਸਜੈੱਟ ਨੇ 2017 ’ਚ 25 ਕਿਊ400 ਜਹਾਜ਼ਾਂ ਦੀ ਖਰੀਦ ਲਈ ਡੀ ਹੈਵੀਲੈਂਡ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਇਸ ਸਮਝੌਤੇ ਤੋਂ 3 ਸਾਲ ਬਾਅਦ ਡੀ ਹੈਵੀਲੈਂਡ ਨੇ ਬ੍ਰਿਟੇਨ ਦੀ ਇਕ ਅਦਾਲਤ ’ਚ ਸਪਾਈਸਜੈੱਟ ਖਿਲਾਫ ਮਾਮਲਾ ਦਰਜ ਕੀਤਾ ਸੀ। ਡੀ ਹੈਵੀਲੈਂਡ ਨੇ ਕਿਹਾ ਸੀ ਕਿ ਸਪਾਈਸਜੈੱਟ ਨੇ 25 ’ਚੋਂ ਸਿਰਫ 5 ਜਹਾਜ਼ਾਂ ਲਈ ਭੁਗਤਾਨ ਕੀਤਾ ਅਤੇ ਉਨ੍ਹਾਂ ਦੀ ਡਲਿਵਰੀ ਲਈ, ਜਦ ਕਿ ਬਾਕੀ ਜਹਾਜ਼ਾਂ ਦੀ ਡਲਿਵਰੀ ਤੋਂ ਪਹਿਲਾਂ ਕੀਤਾ ਜਾਣ ਵਾਲਾ ਭੁਗਤਾਨ ਰੋਕ ਦਿੱਤਾ।