ਸਪੈਕਟਰਮ ਦੀ ਨਿਲਾਮੀ ਦੀ ਪ੍ਰਕਿਰਿਆ ਪੰਜਵੇਂ ਦਿਨ ਵੀ ਰਹੀ ਜਾਰੀ
Saturday, Jul 30, 2022 - 05:20 PM (IST)
ਨਵੀਂ ਦਿੱਲੀ — ਦੇਸ਼ 'ਚ 5ਜੀ ਸਪੈਕਟਰਮ ਦੀ ਅਲਾਟਮੈਂਟ ਲਈ ਨਿਲਾਮੀ ਪ੍ਰਕਿਰਿਆ ਸ਼ਨੀਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਹੀ। ਹੁਣ ਤੱਕ 1,49,855 ਕਰੋੜ ਰੁਪਏ ਦੀਆਂ ਬੋਲੀਆਂ ਲਗਾਈਆਂ ਜਾ ਚੁੱਕੀਆਂ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਪੈਕਟਰਮ ਲਈ ਕੰਪਨੀਆਂ ਵਿਚਾਲੇ ਚੱਲ ਰਹੇ ਮੁਕਾਬਲੇ ਕਾਰਨ ਨਿਲਾਮੀ ਪ੍ਰਕਿਰਿਆ ਪੰਜਵੇਂ ਦਿਨ 'ਤੇ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਟੈਲੀਕੋਜ਼ ਨੇ ਬੋਲੀ ਦਾ 24ਵਾਂ ਦੌਰ ਲਗਾਇਆ ਹੈ।
ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਨਿਲਾਮੀ ਲਈ ਰੱਖੇ ਗਏ ਕੁੱਲ ਸਪੈਕਟਰਮ ਦਾ ਲਗਭਗ 71 ਫੀਸਦੀ ਹੁਣ ਤੱਕ ਵੇਚਿਆ ਜਾ ਚੁੱਕਾ ਹੈ। ਉਨ੍ਹਾਂ ਸਪੈਕਟਰਮ ਨਿਲਾਮੀ ਨੂੰ ਕੰਪਨੀਆਂ ਤੋਂ ਮਿਲੇ ਹੁੰਗਾਰੇ 'ਤੇ ਵੀ ਤਸੱਲੀ ਪ੍ਰਗਟਾਈ। ਸ਼ੁੱਕਰਵਾਰ ਤੱਕ 23 ਰਾਊਂਡ ਦੀ ਬੋਲੀ ਹੋ ਚੁੱਕੀ ਹੈ। ਇਸ ਦਿਨ ਬੋਲੀ ਦੇ ਸੱਤ ਗੇੜ ਪੂਰੇ ਕੀਤੇ ਗਏ। ਦੂਰਸੰਚਾਰ ਵਿਭਾਗ ਨੇ ਇਸ ਨਿਲਾਮੀ ਵਿੱਚ ਕੁੱਲ 4.3 ਲੱਖ ਕਰੋੜ ਰੁਪਏ ਦੇ 72 ਗੀਗਾਹਰਟਜ਼ ਸਪੈਕਟਰਮ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਸ ਨਿਲਾਮੀ ਵਿੱਚ ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਤੋਂ ਇਲਾਵਾ ਅਡਾਨੀ ਇੰਟਰਪ੍ਰਾਈਜਿਜ਼ ਨੇ ਵੀ ਮੌਜੂਦਗੀ ਦਰਜ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।