ਪੰਜਾਬ ''ਚ ਕਣਕ ਦਾ ਰਕਬਾ ਡਿੱਗਾ, ਮਹਿੰਗਾਈ ਦਾ ਵੱਜੇਗਾ ਡੰਗ!

11/17/2018 3:54:03 PM

ਨਵੀਂ ਦਿੱਲੀ— ਹਾੜ੍ਹੀ ਸੀਜ਼ਨ 'ਚ ਹੁਣ ਤਕ ਕਣਕ ਸਮੇਤ ਤਮਾਮ ਫਸਲਾਂ ਦੀ ਬੀਜਾਈ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈ ਹੈ। ਕਰਨਾਟਕ ਅਤੇ ਮਹਾਰਾਸ਼ਟਰ 'ਚ ਪਿਛਲੇ ਸਾਲ ਦੇ ਮੁਕਾਬਲੇ ਦਾਲਾਂ ਦਾ ਰਕਬਾ ਹੁਣ ਤਕ 18 ਫੀਸਦੀ ਘੱਟ ਹੋ ਕੇ 69.95 ਲੱਖ ਹੈਕਟੇਅਰ ਰਿਹਾ ਹੈ। ਉੱਥੇ ਹੀ ਪੰਜਾਬ ਤੇ ਹਰਿਆਣਾ 'ਚ ਕਣਕ ਦੀ ਬੀਜਾਈ ਪਿੱਛੇ ਚੱਲ ਰਹੀ ਹੈ। ਪੰਜਾਬ 'ਚ ਝੋਨੇ ਦੀ ਕਟਾਈ 'ਚ ਦੇਰੀ ਕਾਰਨ ਕਣਕ ਬੀਜਣ 'ਚ ਦੇਰੀ ਹੋ ਰਹੀ ਹੈ। ਲਿਹਾਜਾ ਸਮੇਂ ਸਿਰ ਬੀਜਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਕਣਕ ਪਿੱਛੇ ਵੀ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਬੀਜਾਈ 'ਚ ਦੇਰੀ ਹੋਣ ਨਾਲ ਕਣਕ ਦਾ ਝਾੜ ਘੱਟ ਸਕਦਾ ਹੈ। ਇਸ ਕਾਰਨ ਆਮ ਲੋਕਾਂ ਨੂੰ ਵੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਮਾਰਕੀਟਿੰਗ ਸੀਜ਼ਨ 2019-20 ਲਈ ਕਣਕ ਦਾ ਸਮਰਥਨ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ।

ਪੰਜਾਬ ਤੇ ਹਰਿਆਣਾ ਕਣਕ ਦੀ ਬੀਜਾਈ 'ਚ ਪੱਛੜੇ :
ਸ਼ੁੱਕਰਵਾਰ ਨੂੰ ਜਾਰੀ ਹੋਏ ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਬੀਜਾਈ ਹੁਣ ਤਕ 51.63 ਲੱਖ ਹੈਕਟੇਅਰ ਨਾਲ ਪਿੱਛੇ ਚੱਲ ਰਹੀ ਹੈ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਤਕ ਇਹ 54.28 ਲੱਖ ਹੈਕਟੇਅਰ 'ਚ ਹੋ ਗਈ ਸੀ। ਹਾੜ੍ਹੀ ਫਸਲ ਦੀ ਬੀਜਾਈ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ। ਪੰਜਾਬ 'ਚ ਪਿਛਲੇ ਸਾਲ ਦੇ 17.58 ਲੱਖ ਹੈਕਟੇਅਰ ਦੇ ਮੁਕਾਬਲੇ ਹੁਣ ਤਕ ਸਿਰਫ 14.68 ਲੱਖ ਹੈਕਟੇਅਰ 'ਚ ਬੀਜਾਈ ਹੋਈ ਹੈ। ਹਰਿਆਣਾ 'ਚ 5.54 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬੀਜਾਈ ਹੋਈ ਹੈ। ਪਿਛਲੇ ਸਾਲ ਇਸ ਦੌਰਾਨ ਤਕ ਹਰਿਆਣਾ 'ਚ 6.93 ਲੱਖ ਹੈਕਟੇਅਰ ਰਕਬਾ ਬੀਜਿਆ ਜਾ ਚੁੱਕਾ ਸੀ। ਹਾਲਾਂਕਿ ਮੱਧ ਪ੍ਰਦੇਸ਼ 'ਚ ਕਣਕ ਦਾ ਰਕਬਾ ਇਸ ਵਾਰ 19.01 ਲੱਖ ਹੈਕਟੇਅਰ ਤਕ ਪਹੁੰਚ ਗਿਆ ਹੈ। ਪਿਛਲੀ ਵਾਰ ਇਸ ਦੌਰਾਨ ਮੱਧ ਪ੍ਰਦੇਸ਼ 'ਚ 15.58 ਲੱਖ ਹੈਕਟੇਅਰ 'ਚ ਬੀਜਾਈ ਹੋਈ ਸੀ।

ਦਾਲਾਂ ਦੀ ਬੀਜਾਈ ਹੁਣ ਤਕ 18 ਫੀਸਦੀ ਘੱਟ ਹੋਈ :
ਜਿੱਥੋਂ ਤਕ ਦਾਲਾਂ ਦੀ ਗੱਲ ਹੈ ਤਾਂ ਹੁਣ ਤਕ ਕਰਨਾਟਕ 'ਚ ਕਿਸਾਨਾਂ ਨੇ 7.35 ਲੱਖ ਹੈਕਟੇਅਰ 'ਚ ਦਾਲਾਂ ਦੀ ਬੀਜਾਈ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ 12.98 ਲੱਖ ਹੈਕਟੇਅਰ 'ਚ ਬੀਜਾਈ ਹੋਈ ਸੀ। ਓਧਰ ਮਹਾਰਾਸ਼ਟਰ 'ਚ ਵੀ ਕਿਸਾਨਾਂ ਨੇ ਇਸ ਸੀਜ਼ਨ 'ਚ ਸਿਰਫ 5.62 ਲੱਖ ਹੈਕਟੇਅਰ 'ਚ ਦਾਲਾਂ ਦੀ ਬੀਜਾਈ ਕੀਤੀ ਹੈ, ਜੋ ਪਿਛਲੇ ਸਾਲ ਇਸ ਦੌਰਾਨ 10.61 ਲੱਖ ਹੈਕਟੇਅਰ ਸੀ। ਹਾਲਾਂਕਿ ਮੱਧ ਪ੍ਰਦੇਸ਼ 'ਚ ਦਾਲਾਂ ਦੀ ਬੀਜਾਈ 29.23 ਲੱਖ ਹੈਕਟੇਅਰ 'ਚ ਹੋਈ ਹੈ, ਜੋ ਪਿਛਲੇ ਸਾਲ ਨਾਲੋਂ ਥੋੜ੍ਹੀ ਹੀ ਘੱਟ ਹੈ। ਪਿਛਲੇ ਸਾਲ ਇਸ ਦੌਰਾਨ ਮੱਧ ਪ੍ਰਦੇਸ਼ 'ਚ ਦਾਲਾਂ ਦੀ ਬੀਜਾਈ 30.9 ਲੱਖ ਹੈਕਟੇਅਰ 'ਚ ਹੋਈ ਸੀ। ਹੁਣ ਤਕ ਦਾਲਾਂ ਦਾ ਕੁੱਲ ਰਕਬਾ 69.95 ਲੱਖ ਹੈਕਟੇਅਰ ਹੈ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਤਕ 85.32 ਲੱਖ ਹੈਕਟੇਅਰ 'ਚ ਬੀਜਾਈ ਹੋ ਚੁੱਕੀ ਸੀ।


Related News