ਕਦੇ 'ਗਰੀਬ' ਹੋ ਚੁੱਕਾ ਸੀ ਇਹ ਦੇਸ਼, ਜਿੱਥੇ ਅੱਜ ਭਾਰਤੀ ਕਮਾਉਂਦੇ ਨੇ ਨੋਟ!

Friday, Aug 11, 2017 - 03:08 PM (IST)

ਕਦੇ 'ਗਰੀਬ' ਹੋ ਚੁੱਕਾ ਸੀ ਇਹ ਦੇਸ਼, ਜਿੱਥੇ ਅੱਜ ਭਾਰਤੀ ਕਮਾਉਂਦੇ ਨੇ ਨੋਟ!

ਨਵੀਂ ਦਿੱਲੀ— ਕਦੇ ਮੋਤੀਆਂ ਦੇ ਕਾਰੋਬਾਰ ਲਈ ਮਸ਼ਹੂਰ ਰਹੇ ਇਸ ਦੇਸ਼ 'ਚ ਅਜਿਹੀ ਮੰਦੀ ਆਈ ਕਿ ਬਹੁਤ ਕੁਝ ਤਬਾਹ ਹੋ ਗਿਆ। ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤ ਸਾਰੇ ਲੋਕ ਆਪਣੇ ਨੇੜੇ ਦੇ ਮੁਲਕਾਂ 'ਚ ਜਾ ਕੇ ਵੱਸ ਗਏ ਪਰ ਅੱਜ ਇਹ ਵਿਦੇਸ਼ੀ ਲੋਕਾਂ ਨੂੰ ਵੀ ਰੁਜ਼ਗਾਰ ਦਿੰਦਾ ਹੈ। ਅਸੀਂ ਗੱਲ ਕਰ ਰਹੇ ਹਾਂ ਦੁਬਈ ਦੀ, ਜੋ ਕਦੇ ਮੋਤੀਆਂ ਦਾ ਵਪਾਰ ਕਰਦਾ ਸੀ। ਸਾਲ 1930 'ਚ ਇੱਥੇ ਭਿਆਨਕ ਮੰਦੀ ਆਈ, ਜਿਸ ਨੇ ਸਾਰਾ ਕਾਰੋਬਾਰ ਹਿਲਾ ਕੇ ਰੱਖ ਦਿੱਤਾ। ਮੋਤੀ ਵਪਾਰ ਤਬਾਹ ਹੋਣ ਦੇ ਨਾਲ ਕਈ ਨਿਵਾਸੀ ਦੁਬਈ ਛੱਡ ਕੇ ਹੋਰ ਭਾਗਾਂ 'ਚ ਚਲੇ ਗਏ। ਉਦੋਂ ਦੁਬਈ ਅਤੇ ਅਬੂਧਾਬੀ ਵਿਚਾਲੇ ਸਰਹੱਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਸਾਲ 1947 'ਚ ਇਹ ਝਗੜਾ ਹੋਰ ਵਧ ਗਿਆ ਅਤੇ ਬ੍ਰਿਟਿਸ਼ ਦੀ ਦਖਲਅੰਦਾਜ਼ੀ ਨਾਲ ਮਾਮਲਾ ਆਪਸ 'ਚ ਸੁਲਝਿਆ। 
1958 'ਚ ਦੁਬਈ ਦੇ ਸ਼ਾਸਕ ਸ਼ੇਖ ਰਸ਼ੀਦ ਬਿਨ ਸਈਦ ਅਲ ਮਕਤੋਮ ਨੇ ਹੋਰ ਖੇਤਰਾਂ ਤੋਂ ਕਮਾਈ ਦਾ ਜ਼ਰੀਆ ਲੱਭਿਆ। ਇਸ ਵਾਸਤੇ ਨਿੱਜੀ ਕੰਪਨੀਆਂ ਨੂੰ ਬਿਜਲੀ, ਟੈਲੀਫੋਨ ਸੇਵਾਵਾਂ, ਬੰਦਰਗਾਹਾਂ ਅਤੇ ਹਵਾਈ ਅੱਡੇ ਤਿਆਰ ਕਰਨ ਦਾ ਕੰਮ ਸੌਂਪ ਦਿੱਤਾ ਗਿਆ। ਦੂਜੇ ਮੁਲਕਾਂ ਦੇ ਲੋਕਾਂ ਨੂੰ ਆਕਰਸ਼ਤ ਕਰਨ ਲਈ ਵਿਸ਼ਾਲ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਤਿਆਰ ਕੀਤੇ ਗਏ। ਇਸ ਦੇ ਮੱਦੇਨਜ਼ਰ ਯੂਰਪੀ ਅਤੇ ਅਰਬ ਫਰਮਾਂ ਉੱਥੇ ਖੁੱਲ੍ਹਣ ਲੱਗੀਆਂ ਅਤੇ ਦੁਬਈ ਦਾ ਭਵਿੱਖ ਦਿਸਣਾ ਸ਼ੁਰੂ ਹੋ ਗਿਆ। 
ਸਾਲ 1966 'ਚ ਦੁਬਈ 'ਚ ਤੇਲ ਦੇ ਭੰਡਾਰ ਮਿਲੇ। ਪਹਿਲੇ ਖੇਤਰ ਨੂੰ 'ਫਾਤੇਹ' ਨਾਮ ਦਿੱਤਾ ਗਿਆ। ਤੇਲ ਨੇ ਕੌਮਾਂਤਰੀ ਪੱਧਰ 'ਤੇ ਦੁਬਈ ਦੀ ਸਾਖ ਹੋਰ ਚਮਕਾ ਦਿੱਤੀ। ਬ੍ਰਿਟੇਨ ਦੇ 1971 'ਚ ਫਾਰਸ ਦੀ ਖਾੜੀ ਛੱਡਣ ਦੇ ਬਾਅਦ 2 ਦਸੰਬਰ 1971 ਨੂੰ ਦੁਬਈ ਨੇ ਅਬੁਧਾਬੀ ਅਤੇ ਪੰਜ ਹੋਰ ਅਮੀਰਾਤ ਨਾਲ ਮਿਲ ਕੇ ਸੰਯੁਕਤ ਅਰਬ ਅਮੀਰਾਤ ਦੀ ਸਥਾਪਨਾ ਕੀਤੀ। 1973 'ਚ ਦੁਬਈ ਨੇ ਹੋਰ ਅਮੀਰਾਤਾਂ ਨਾਲ ਮਿਲ ਕੇ ਦਿਰਹਾਮ ਕਰੰਸੀ ਅਪਣਾਈ। ਹੁਣ ਦੁਬਈ ਵਿਦੇਸ਼ੀ ਵਰਕਰਾਂ ਨੂੰ ਰੁਜ਼ਗਾਰ ਦੇਣ 'ਚ ਮੋਹਰੀ ਹੋ ਗਿਆ ਸੀ। ਸਾਲ 1968 ਅਤੇ 1975 ਵਿਚਕਾਰ ਇਸ ਦੀ ਆਬਾਦੀ 'ਚ ਚੰਗਾ ਵਾਧਾ ਹੋਇਆ। ਹਾਲਾਂਕਿ ਅੱਜ ਦੁਬਈ ਦੀ ਕਮਾਈ ਇਕੱਲੇ ਤੇਲ ਜਾਂ ਗੈਸ ਖੇਤਰਾਂ 'ਤੇ ਹੀ ਨਿਰਭਰ ਨਹੀਂ ਹੈ। ਹੁਣ ਦੁਬਈ ਸੈਰ-ਸਪਾਟਾ ਖੇਤਰ ਤੋਂ ਸਭ ਤੋਂ ਵਧ ਕਮਾਈ ਕਰ ਰਿਹਾ ਹੈ। ਇਸ ਦੇ ਇਲਾਵਾ ਰੀਅਲ ਅਸਟੇਟ, ਵਪਾਰ ਅਤੇ ਵਿੱਤੀ ਸੇਵਾਵਾਂ ਦਾ ਦੁਬਈ ਦੀ ਅਰਥ-ਵਿਵਸਥਾ 'ਚ ਵੱਡਾ ਯੋਗਦਾਨ ਹੈ। 
ਦੁਬਈ ਦੀ ਸਭ ਤੋਂ ਵੱਡੀ ਖਾਸੀਅਤ

PunjabKesari
ਦੁਬਈ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇੱਥੇ ਇਨਕਮ ਟੈਕਸ, ਵੈਟ, ਕਾਰਪੋਰੇਟ ਟੈਕਸ, ਵੈਲਥ ਟੈਕਸ ਵਰਗਾ ਕੋਈ ਟੈਕਸ ਨਹੀਂ ਲੱਗਦਾ ਹੈ। ਹਾਲਾਂਕਿ ਨਗਰ ਨਿਗਮ ਜਾਇਦਾਦ ਟੈਕਸ, ਸਰਵਿਸ ਚਾਰਜ, ਇੰਪੋਰਟ ਟੈਕਸ, ਰੋਡ ਟੈਕਸ ਜਾਂ ਟੋਲ ਫੀਸ ਦੀ ਵਿਵਸਥਾ ਹੈ। ਇਸ ਦੇ ਇਲਾਵਾ 2018 ਤੋਂ 5 ਫੀਸਦੀ ਵੈਟ ਲਾਗੂ ਕਰਨ ਦੀ ਵੀ ਤਿਆਰੀ ਹੈ। 
ਸ਼ਾਨਦਾਰ ਇਮਾਰਤਾਂ, ਲੋਕ ਹੁੰਦੇ ਨੇ ਆਕਰਸ਼ਤ

PunjabKesari
ਦੁਬਈ ਦਾ ਵਰਲਡ ਕਲਾਸ ਬੁਨਿਆਦੀ ਢਾਂਚਾ ਇਸ ਦੀ ਜਾਨ ਹੈ। ਇੱਥੋਂ ਦੀਆਂ ਬੁਰਜ ਖਲੀਫਾ ਵਰਗੀਆਂ ਉੱਚੀਆਂ ਇਮਾਰਤਾਂ ਅਤੇ ਭੀੜ-ਭਾੜ ਤੋਂ ਮੁਕਤ ਸੜਕਾਂ, ਬਿਹਤਰ ਜਨਤਕ ਟਰਾਂਸਪੋਰਟ ਨਾ ਸਿਰਫ ਭਾਰਤ ਦੇ ਲੋਕਾਂ ਨੂੰ ਸਗੋਂ ਹੋਰ ਮੁਲਕਾਂ ਦੇ ਲੋਕਾਂ ਨੂੰ ਵੀ ਆਕਰਸ਼ਤ ਕਰਦੀਆਂ ਹਨ। ਦੁਬਈ 'ਚ ਤੇਜ਼ੀ ਨਾਲ ਹੋਏ ਵਿਕਾਸ ਕਾਰਨ ਕਈ ਬਹੁ ਰਾਸ਼ਟਰੀ ਕੰਪਨੀਆਂ ਦੁਬਈ 'ਚ ਆਪਣੀ ਮੌਜੂਦਗੀ ਵਧਾ ਰਹੀਆਂ ਹਨ। ਦੁਬਈ ਦੁਨੀਆ ਦੇ ਸਭ ਤੋਂ ਜ਼ਿਆਦਾ ਸੁਰੱਖਿਅਤ ਸ਼ਹਿਰਾਂ 'ਚੋਂ ਇਕ ਹੈ। ਇੱਥੇ ਦੇਰ ਰਾਤ ਨੂੰ ਵੀ ਟੈਕਸੀ ਅਤੇ ਮੈਟਰੋ 'ਚ ਸਫਰ ਕੀਤਾ ਜਾ ਸਕਦਾ ਹੈ। ਇੱਥੇ ਕਿਸੇ ਵੀ ਸਮੇਂ ਸੜਕਾਂ 'ਤੇ ਘੁੰਮਿਆ ਜਾ ਸਕਦਾ ਹੈ। ਇੱਥੋਂ ਦਾ ਕ੍ਰਾਈਮ ਐਕਟ ਬਹੁਤ ਹੀ ਘੱਟ ਹੈ। ਇਸ ਦਾ ਕਾਰਨ ਇੱਥੇ ਦੇ ਸਖਤ ਕਾਨੂੰਨ ਅਤੇ ਪੁਲਸ ਹੈ। 


Related News