2020 ’ਚ ਭਾਰਤ ’ਚ ਵਧੇਗੀ 14 ਫ਼ੀਸਦੀ ਸਮਾਰਟਫੋਨ ਦੀ ਵਿਕਰੀ

Friday, Jan 03, 2020 - 06:49 PM (IST)

2020 ’ਚ ਭਾਰਤ ’ਚ ਵਧੇਗੀ 14 ਫ਼ੀਸਦੀ ਸਮਾਰਟਫੋਨ ਦੀ ਵਿਕਰੀ

ਨਵੀਂ ਦਿੱਲੀ (ਇੰਟ.)-ਦੇਸ਼ ’ਚ ਇਸ ਸਮੇਂ ਖਪਤਕਾਰ ਉਤਪਾਦਾਂ ’ਚ ਮੰਦੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਸਮਾਰਟਫੋਨ ਦੀ ਵਿਕਰੀ ਦੇ ਮਾਮਲੇ ’ਚ ਭਾਰਤ 2020 ’ਚ ਵੀ ਮੋਹਰੀ ਰਹੇਗਾ। ਐਨਾਲਿਸਟ ਫਰਮ ਟੈੱਕਆਰਕ ਦੀ ਇਕ ਰਿਪੋਰਟ ਅਨੁਸਾਰ ਚੀਨ ਤੋਂ ਬਾਅਦ ਸਭ ਤੋਂ ਵੱਡੇ ਬਾਜ਼ਾਰ ਭਾਰਤ ’ਚ 2020 ’ਚ ਸਮਾਰਟਫੋਨ ਦੀ ਵਿਕਰੀ ’ਚ 14 ਫ਼ੀਸਦੀ ਦਾ ਵਾਧਾ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ 2019 ’ਚ ਭਾਰਤ ’ਚ ਸਮਾਰਟਫੋਨ ਦੀ ਵਿਕਰੀ ’ਚ 12 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਲਗਭਗ 14.5 ਕਰੋਡ਼ ਸਮਾਰਟਫੋਨ ਦੀ ਵਿਕਰੀ ਹੋਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਵੱਡੀ ਗਿਣਤੀ ’ਚ ਸਮਾਰਟਫੋਨ ਯੂਜ਼ਰਜ਼ ਆਪਣੇ ਫੋਨ ਨੂੰ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹਨ। ਅਜਿਹੇ ’ਚ 2020 ’ਚ ਸਮਾਰਟਫੋਨ ਦੀ ਵਿਕਰੀ 165 ਮਿਲੀਅਨ ਯਾਨੀ 16.5 ਕਰੋਡ਼ ਯੂਨਿਟ ਤੋਂ ਪਾਰ ਜਾ ਸਕਦੀ ਹੈ। ਸਾਲਾਨਾ ਆਧਾਰ ’ਤੇ ਇਸ ’ਚ 13.8 ਫ਼ੀਸਦੀ ਦਾ ਵਾਧਾ ਹੋਵੇਗਾ।

ਟੈਰਿਫ ’ਚ ਵਾਧਾ ਬਣ ਸਕਦੈ ਅੜਿੱਕਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲ ਹੀ ’ਚ ਤਿੰਨਾਂ ਪ੍ਰਮੁੱਖ ਟੈਲੀਕਾਮ ਕੰਪਨੀਆਂ ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਟੈਰਿਫ ’ਚ 40 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਟੈਰਿਫ ’ਚ ਕੀਤਾ ਗਿਆ ਇਹ ਵਾਧਾ ਫੀਚਰ ਫੋਨ ਤੋਂ ਸਮਾਰਟਫੋਨ ਵੱਲ ਸ਼ਿਫਟ ਹੋਣ ’ਚ ਅੜਿੱਕਾ ਪੈਦਾ ਕਰ ਸਕਦਾ ਹੈ। ਰਿਪੋਰਟ ਅਨੁਸਾਰ ਸਾਰੀਆਂ ਟਾਪ ਬਰਾਂਡ ਵਾਲੀਆਂ ਕੰਪਨੀਆਂ ਐਂਟਰੀ ਲੈਵਲ ’ਚ 3 ਤੋਂ 5 ਹਜ਼ਾਰ ਦੀ ਕੀਮਤ ਵਾਲੇ ਸਮਾਰਟਫੋਨ ਆਫਰ ਕਰ ਰਹੀਆਂ ਹਨ, ਜੋ ਇਕ ਫੀਚਰ ਫੋਨ ਦੀ ਕੀਮਤ ਨਾਲੋਂ ਲਗਭਗ 60 ਫ਼ੀਸਦੀ ਜ਼ਿਆਦਾ ਹੈ।

ਪਹਿਲੀ ਵਾਰ ਵਾਲੇ ਖਪਤਕਾਰ ਦੀ ਪਹਿਲੀ ਪਸੰਦ ਹਨ ਪ੍ਰੀਓਂਡ ਸਮਾਰਟਫੋਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਸਮਾਰਟਫੋਨ ਖਰੀਦਣ ਵਾਲੇ ਖਪਤਕਾਰਾਂ ਦੀ ਪਸੰਦ ਪੁਰਾਣੇ (ਪ੍ਰੀਓਂਡ) ਸਮਾਰਟਫੋਨ ਹੁੰਦੇ ਹਨ। ਰਿਪੋਰਟ ਅਨੁਸਾਰ ਰੀਫਰਬਿਸ਼ਡ ਅਤੇ ਸੈਕੰਡ ਹੈਂਡ ਫੋਨ ਦੀ ਵਿਕਰੀ ’ਚ ਦਹਾਈ ਅੰਕ ਦਾ ਵਾਧਾ ਹੋ ਸਕਦਾ ਹੈ। 2020 ’ਚ ਕੁਲ ਬਾਜ਼ਾਰ ਹਿੱਸੇਦਾਰੀ ’ਚ ਸੈਕੰਡ ਹੈਂਡ ਸਮਾਰਟਫੋਨ ਦੀ ਹਿੱਸੇਦਾਰੀ 23 ਫ਼ੀਸਦੀ ਯਾਨੀ ਲਗਭਗ 4.8 ਕਰੋਡ਼ ਯੂਨਿਟ ਹੋ ਸਕਦੀ ਹੈ।


author

Karan Kumar

Content Editor

Related News