ਭਾਰਤੀਆਂ ਨੇ ਇਕ ਮਹੀਨੇ ’ਚ ਖ਼ਰੀਦੇ 2 ਕਰੋੜ ਤੋਂ ਵੀ ਜ਼ਿਆਦਾ ਸਮਾਰਟਫੋਨ, ਬਣ ਗਿਆ ਰਿਕਾਰਡ
Saturday, Dec 19, 2020 - 03:47 PM (IST)
ਗੈਜੇਟ ਡੈਸਕ– ਕੋਰੋਨਾ ਨੇ ਇਕ ਪਾਸੇ ਜਿੱਥੇ ਕੁਝ ਖ਼ੇਤਰਾਂ ਦਾ ਲੱਕ ਤੋੜ ਦਿੱਤਾ ਹੈ, ਉਥੇ ਹੀ ਕੁਝ ਖ਼ੇਤਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ ਜਿਨ੍ਹਾਂ ’ਚ ਲੈਪਟਾਪ ਵਿਕਰੀ, ਵਰਕ ਫਰਾਮ ਹੋਣ ਗੈਜੇਟ ਦੀ ਵਿਕਰੀ ਆਦਿ ਸ਼ਾਮਲ ਹਨ। ਤੁਹਾਨੂੰ ਜਾਣ ਕੇ ਹਾਰਾਨੀ ਹੋਵੇਗੀ ਕਿ ਭਾਰਤੀਆਂ ਨੇ ਸਮਾਰਟਫੋਨ ਖ਼ਰੀਦਣ ਦੇ ਮਾਮਲੇ ’ਚ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਸਿਰਫ ਇਕ ਮਹੀਨੇ ’ਚ ਭਾਰਤੀਆਂ ਨੇ 2 ਕਰੋੜ 10 ਲੱਖ ਸਮਾਰਟਫੋਨ ਖ਼ਰੀਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅਕਤੂਬਰ 2020 ’ਚ ਭਾਰਤੀਆਂ ਦੁਆਰਾ ਖ਼ਰੀਦੇ ਗਏ ਸਮਾਰਟਫੋਨਾਂ ਦੇ ਅੰਕੜਿਆਂ ਦੀ।
IDC ਦੀ ਰਿਪੋਰਟ ਰਾਹੀਂ ਹੋਇਆ ਖੁਲਾਸਾ
IDC ਦੀ ਰਿਪੋਰਟ ਮੁਤਾਬਕ, 2020 ਦੀ ਤੀਜੀ ਤਿਮਾਹੀ ਤੋਂ ਹੀ ਭਾਰਤ ’ਚ ਸਮਾਰਟਫੋਨ ਦੀ ਮੰਗ ’ਚ ਉਮੀਦ ਨਾਲੋਂ ਜ਼ਿਆਦਾ ਦਾ ਵਾਧਾ ਵੇਖਣ ਨੂੰ ਮਿਲਿਆ। ਇਸ ਤੋਂ ਬਾਅਦ ਸਤੰਬਰ ’ਚ 23 ਮਿਲੀਅਨ ਯਾਨੀ 2 ਕਰੋੜ 30 ਲੱਖ ਸਮਾਰਟਫੋਨਾਂ ਦੀ ਵਿਕਰੀ ਹੋਈ ਪਰ ਅਗਲੇ ਮਹੀਨੇ ਯਾਨੀ ਅਕਤੂਬਰ ’ਚ ਇਸ ਰਿਕਾਰਡ ਨੂੰ ਬਰਕਰਾਰ ਰੱਖਦੇ ਹੋਏ ਭਾਰਤੀਆਂ ਨੇ 21 ਮਿਲੀਅਨ ਯਾਨੀ 2 ਕਰੋੜ 10 ਲੱਖ ਸਮਾਰਟਫੋਨ ਖ਼ਰੀਦੇ। ਦੱਸਿਆ ਜਾ ਰਿਹਾ ਹੈ ਕਿ ਇਹ ਵਿਕਰੀ ਆਨਲਾਈਨ ਫੈਸਟਿਵ ਅਤੇ ਆਨਲਾਈਨ ਸ਼ਾਪਿੰਗ ’ਚ ਸੁਧਾਰ ਹੋਣ ਕਾਰਨ ਹੋਈ ਹੈ।
ਸਮਾਰਟਫੋਨ ਦੀ ਖ਼ਰੀਦ ’ਚ ਮਹਾਂਨਗਰਾਂ ਨੇ ਤੋੜਿਆ ਰਿਕਾਰਡ
IDC ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਅਕਤੂਬਰ ਮਹੀਨੇ ’ਚ ਸਮਾਰਟਫੋਨ ਦੀ ਕੁਲ ਖ਼ਰੀਦਾਰੀ ’ਚ ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ਮਹਾਂਨਗਰਾਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ 25 ਫੀਸਦੀ ਰਹੀ ਹੈ। ਇਸ ਤੋਂ ਬਾਅਦ ਜੈਪੁਰ, ਗੁੜਗਾਂਓ, ਚੰਡੀਗੜ੍ਹ, ਲਖਨਊ, ਭੋਪਾਲ ਅਤੇ ਕੋਇੰਬਟੂਰ ਵਰਗੇ ਸ਼ਹਿਰਾਂ ’ਚ ਸਭ ਤੋਂ ਜ਼ਿਆਦਾ ਸਮਾਰਟਫੋਨਾਂ ਦੀ ਵਿਕਰੀ ਹੋਈ ਹੈ।
34 ਸ਼ਹਿਰਾਂ ’ਤੇ ਸ਼ਾਓਮੀ ਦਾ ਕਬਜ਼ਾ
ਅਕਤੂਬਰ ਮਹੀਨੇ ’ਚ ਵੈੱਬਸਾਈਟਾਂ ਤੋਂ ਫੋਨ ਦੀ ਵਿਕਰੀ ’ਚ ਜਿੱਥੇ 53 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਉਥੇ ਹੀ ਰਿਟੇਲ ਸਟੋਰਾਂ ਰਾਹੀਂ ਸਮਾਰਟਫੋਨ ਦੀ ਵਿਕਰੀ ’ਚ 33 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਆਨਲਾਈਨ ਸੇਲ ’ਚ ਦੇਸ਼ ਦੇ 50 ਪ੍ਰਮੁੱਖ ਸ਼ਹਿਰਾਂ ’ਚੋਂ 34 ਸ਼ਹਿਰਾਂ ’ਤੇ ਸ਼ਾਓਮੀ ਨੇ ਕਬਜ਼ਾ ਕੀਤਾ ਹੈ ਜਦਕਿ ਆਫਲਾਈਨ ਬਾਜ਼ਾਰ ’ਚ ਆਪਣੀ ਪਕੜ ਮਜ਼ਬੂਤ ਕਰਦੇ ਹੋਏ 44 ਸ਼ਹਿਰਾਂ ’ਚ ਆਪਣਾ ਕਬਜ਼ਾ ਕਰਨ ’ਚ ਵੀਵੋ ਕਾਮਯਾਬ ਰਹੀ।