ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਅਸਰ ਹੋਇਆ ਖਤਮ : ਜੇਤਲੀ

Saturday, Oct 14, 2017 - 10:48 AM (IST)

ਨਵੀਂ ਦਿੱਲੀ— ਅਮਰੀਕਾ 'ਚ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦੇ ਹੁਣ ਤਕ ਦੇ ਸੁਧਾਰਵਾਦੀ ਕਦਮਾਂ ਨਾਲ ਅਰਥਵਿਵਸਥਾ ਮਜ਼ਬੂਤ, ਟਿਕਾਊ ਅਤੇ ਸੰਤੁਲਤ ਵਿਕਾਸ ਹਾਸਲ ਕਰਨ ਦੇ ਕੰਢੇ 'ਤੇ ਹੈ। ਇਸ ਦਾ ਮਤਲਬ ਹੈ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਅਰਥ ਵਿਵਸਥਾ 'ਚ ਆਈ ਸੁਸਤੀ ਖਤਮ ਹੋ ਚੁੱਕੀ ਹੈ। ਵਿੱਤ ਮੰਤਰੀ ਦਾ ਇਹ ਬਿਆਨ ਉਦਯੋਗਿਕ ਉਤਪਾਦਨ ਦੇ ਚੰਗੇ ਅੰਕੜੇ ਆਉਣ ਤੋਂ ਬਾਅਦ ਆਇਆ ਹੈ। 

ਅਗਸਤ 'ਚ ਉਦਯੋਗਿਕ ਉਤਪਾਦਨ 0.9 ਫੀਸਦੀ ਦੇ ਮੁਕਾਬਲੇ 4.3 ਫੀਸਦੀ ਰਿਹਾ, ਜਿਸ ਤੋਂ ਪਤਾ ਚੱਲਦਾ ਹੈ ਕਿ ਜੀ. ਐੱਸ. ਟੀ. ਲਾਗੂ ਕੀਤੇ ਜਾਣ ਨਾਲ ਜੁੜੇ ਮਸਲਿਆਂ ਦਾ ਅਸਰ ਘੱਟ ਹੋ ਰਿਹਾ ਹੈ। ਉੱਥੇ ਹੀ, ਸਤੰਬਰ ਮਹੀਨੇ 'ਚ ਪਰਚੂਨ ਮਹਿੰਗਾਈ 'ਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਨਾਲ ਨੀਤੀ ਨਿਰਮਾਤਾਵਾਂ ਦੇ ਚਿਹਰੇ ਖਿੜ ਗਏ ਹਨ ਕਿਉਂਕਿ ਜੂਨ ਤਿਮਾਹੀ 'ਚ ਵਿਕਾਸ ਦਰ ਘੱਟ 5.7 ਫੀਸਦੀ 'ਤੇ ਆ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਸੀ। 
ਅਮਰੀਕੀ ਦੌਰੇ 'ਤੇ ਗਏ ਅਰੁਣ ਜੇਤਲੀ ਨੇ ਉੱਥੇ ਖਜ਼ਾਨਾ ਸਕੱਤਰ ਅਤੇ ਕਾਮਰਸ ਸਕੱਤਰ ਨਾਲ ਵਾਸ਼ਿੰਗਟਨ 'ਚ ਮੁਲਾਕਾਤ ਵੀ ਕੀਤੀ ਅਤੇ ਐੱਚ-1/ਐੱਲ-1 ਵੀਜ਼ਾ ਦਾ ਮੁੱਦਾ ਵੀ ਚੁੱਕਿਆ। ਵਿੱਤ ਮੰਤਰੀ ਨੇ ਕੁਸ਼ਲ ਭਾਰਤੀ ਪੇਸ਼ੇਵਰਾਂ ਦੀ ਅਮਰੀਕੀ ਅਰਥਵਿਵਸਥਾ 'ਚ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਵੀਜ਼ਾ ਪ੍ਰਕਿਰਿਆ ਅਤੇ ਸਮਾਜਿਕ ਸੁਰੱਖਿਆ ਯੋਗਦਾਨ 'ਚ ਸੁਧਾਰ ਦੀ ਜ਼ੋਰਦਾਰ ਵਕਾਲਤ ਕੀਤੀ, ਤਾਂ ਕਿ ਭਾਰਤੀ ਪੇਸ਼ੇਵਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ।


Related News