ਸੀਤਾਰਮਣ ਨੇ CBDT ਅਤੇ CBIC ਨੂੰ ਟੈਕਸਦਾਤਿਆਂ ਦੀਆਂ ਸ਼ਿਕਾਇਤਾਂ ’ਤੇ ਲਾਈ ਫਟਕਾਰ
Tuesday, Mar 08, 2022 - 11:45 AM (IST)
ਬੇਂਗਲੁਰੂ–ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟੈਕਸਦਾਤਿਆਂ ਦੀਆਂ ਸ਼ਿਕਾਇਤਾਂ ’ਤੇ ਕਥਿਤ ਤੌਰ ’ਤੇ ਧਿਆਨ ਨਾ ਦੇਣ ਲਈ ਟੈਕਸ ਬੋਰਡਾਂ ਨੂੰ ਫਟਕਾਰ ਲਗਾਉਂਦੇ ਹੋਏ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਟੈਕਸ ਅਧਿਕਾਰੀ ਸ਼ਨੀਵਾਰ ਦਾ ਦਿਨ ਸ਼ਿਕਾਇਤਾਂ ਦੀ ਸੁਣਵਾਈ ਲਈ ਸੁਰੱਖਿਅਤ ਰੱਖਣ। ਸੀਤਾਰਮਣ ਨੇ ਇੱਥੇ ਇਕ ਬਜਟ ਤੋਂ ਬਾਅਦ ਚਰਚਾ ਦੌਰਾਨ ਟੈਕਸ ਕਟੌਤੀ ਨਾਲ ਜੁੜੇ ਇਕ ਸਵਾਲ ’ਤੇ ਇਹ ਪ੍ਰਤੀਕਿਰਿਆ ਦਿੱਤੀ। ਕਰਨਾਟਕ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੁਰਲੀਧਰ ਰਾਵ ਨੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਐਕਟ ਦੀਆਂ ਕੁੱਝ ਵਿਵਸਥਾਵਾਂ ਅਤੇ ਡਾਇਰੈਕਟ ਟੈਕਸ ਕਟੌਤੀਆਂ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ।
ਇਸ ਸਵਾਲ ’ਤੇ ਟੈਕਸ ਬੋਰਡਾਂ ਦੇ ਅਧਿਕਾਰੀਆਂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਸੀਤਾਰਮਣ ਨੇ ਦਖਲ ਦਿੰਦੇ ਹੋਏ ਕਿਹਾ ਕਿ ਮੈਂ ਇਹ ਜਾਣਨ ਲਈ ਉਤਸੁਕ ਹਾਂ ਕਿ ਕੀ ਸੀ. ਬੀ. ਆਈ. ਸੀ. ਅਤੇ ਸੀ. ਬੀ. ਡੀ. ਟੀ. ਦੇ ਅਧਿਕਾਰੀ ਇੱਥੇ ਮੌਜੂਦ ਹਨ? ਕੀ ਤੁਸੀਂ ਆਪਣੇ ਟੈਕਸ ਨਿਰਧਾਰਤੀ ਦੇ ਸੰਪਰਕ ’ਚ ਰਹਿੰਦੇ ਹੋ? ਇਹ ਅਜਿਹੇ ਸਵਾਲ ਨਹੀਂ ਹਨ, ਜਿਨ੍ਹਾਂ ’ਤੇ ਵਿੱਤ ਮੰਤਰਾਲਾ ਦੇ ਸਕੱਤਰ ਇੱਥੇ ਬੈਠ ਕੇ ਸਥਿਤੀ ਸਪੱਸ਼ਟ ਕਰਨ। ਇਹ ਕੰਮ ਟੈਕਸ ਬੋਰਡਾਂ ਦਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਮੈਂ ਹੁਣ ਸੀ. ਬੀ. ਡੀ. ਟੀ. ਅਤੇ ਸੀ. ਬੀ. ਆਈ. ਸੀ. ਨੂੰ ਇਹ ਕਹਾਂਗੀ ਕਿ ਸ਼ਨੀਵਾਰ ਦਾ ਦਿਨ ਖਾਲੀ ਰੱਖੋ ਅਤੇ ਟੈਕਸਧਾਰਕਾਂ ਨਾਲ ਗੱਲਾਂ ਕਰੋ ਅਤੇ ਸਾਰੇ ਜ਼ਰੂਰੀ ਬਿੰਦੂਆਂ ’ਤੇ ਸਥਿਤੀ ਸਪੱਸ਼ਟ ਕਰਨ। ਉਨ੍ਹਾਂ ਨੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਅਤੇ ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਟੈਕਸ ਨਿਰਧਾਰਤੀ ਨਾਲ ਟੈਕਸ ਕਾਨੂੰਨਾਂ ’ਚ ਮੌਜੂਦ ਖਾਮੀਆਂ ਅਤੇ ਨੀਤੀਆਂ ’ਚ ਜ਼ਰੂਰੀ ਸੋਧਾਂ ’ਤੇ ਚਰਚਾ ਕਰਨ। ਇਸ ਨਾਲ ਵਿੱਤੀ ਬਿੱਲ ’ਚ ਜ਼ਰੂਰੀ ਟੈਕਸ ਸੋਧ ਤਿਆਰ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਬਜਟ ’ਤੇ ਆਯੋਜਿਤ ਇਸ ਚਰਚਾ ਪ੍ਰੋਗਰਾਮ ’ਚ ਪੁੱਛੇ ਗਏ ਜ਼ਿਆਦਾਤਰ ਸਵਾਲਾਂ ਦੇ ਸਬੰਧ ’ਚ ਬੋਰਡਾਂ ਨਾਲ ਜੁੜੇ ਹੋਏ ਹਨ ਜਦ ਕਿ ਦੋਵੇਂ ਹੀ ਬੋਰਡ ਇਨ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹਨ।