‘ਬੈਂਗਲੁਰੂ ਨੂੰ ਟੈਕਨਾਲੋਜੀ ਹੱਬ ਵਜੋਂ ਵਿਕਸਤ ਕਰਨ ’ਚ ਸਿੰਗਾਪੁਰ ਦਾ ਵਿਸ਼ੇਸ਼ ਹੱਥ’
Thursday, Oct 03, 2024 - 02:20 PM (IST)
ਸਿੰਗਾਪੁਰ (ਭਾਸ਼ਾ) - ਕਰਨਾਟਕ ਸਰਕਾਰ ਦੇ ਇਲੈਕਟ੍ਰਾਨਿਕਸ, ਸੂਚਨਾ ਤਕਨਾਲੋਜੀ (ਆਈ. ਟੀ.), ਬਾਇਓਟੈਕਨਾਲੋਜੀ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਸਕੱਤਰ ਏਕਰੂਪ ਕੌਰ ਨੇ ਕਿਹਾ ਹੈ ਕਿ ਪਿਛਲੇ 30 ਸਾਲਾਂ ’ਚ ਭਾਰਤ ਇਕ ਗਲੋਬਲ ਤਕਨਾਲੋਜੀ ਹੱਬ ਵਜੋਂ ਉਭਰਿਆ ਹੈ। ਸਿੰਗਾਪੁਰ ਬੈਂਗਲੁਰੂ ਦੇ ਵਿਕਾਸ ’ਚ ਪ੍ਰਮੁੱਖ ਹਿੱਸੇਦਾਰਾਂ ’ਚੋਂ ਇਕ ਰਿਹਾ ਹੈ।
ਕੌਰ ਨੇ ਕਿਹਾ,‘ਲਗਭਗ 30 ਸਾਲ ਪਹਿਲਾਂ ਬੈਂਗਲੁਰੂ ’ਚ ਤਕਨਾਲੋਜੀ ਕ੍ਰਾਂਤੀ ਦੀ ਸ਼ੁਰੂਆਤ ਤੋਂ ਬਾਅਦ ਸਾਡਾ ਸਿੰਗਾਪੁਰ ਨਾਲ ਬਹੁਤ ਨਜ਼ਦੀਕੀ ਸਬੰਧ ਰਿਹਾ ਹੈ।’ ਕੌਰ ਨੇ ਬੈਂਗਲੁਰੂ ਟੈਕਨਾਲੋਜੀ ਸਮਿਟ-2024 ਦੇ ‘ਰੋਡ ਸ਼ੋਅ’ ’ਚ ਕਿਹਾ ਕਿ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ ਦੇ ਤਹਿਤ ਕਰਨਾਟਕ ਦੇ ਸਭ ਤੋਂ ਵੱਡੇ ਹਿੱਸੇਦਾਰਾਂ ’ਚ ਸਿੰਗਾਪੁਰ ਦੀ ਕੰਪਨੀ ਕੈਪਿਟਲੈਂਡ ਸ਼ਾਮਲ ਹੈ ਅਤੇ ਇਹ ਪ੍ਰਮੁੱਖ ਟੈਕਨਾਲੋਜੀ ਬੁਨਿਆਦੀ ਢਾਂਚਾ ਸਾਂਝੇਦਾਰੀਆਂ ’ਚੋਂ ਇਕ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਿੰਗਾਪੁਰ ਗਲੋਬਲ ਕੰਪਨੀਆਂ ਦਾ ਹੱਬ ਹੈ ਜੋ ਦੁਨੀਆ ਭਰ ਦੀਆਂ ਕਾਰਪੋਰੇਸ਼ਨਾਂ ਨਾਲ ਹੋਰ ਜ਼ਿਆਦਾ ਜੁੜ ਸਕਦਾ ਹੈ। ਇਸ ਤੋਂ ਇਲਾਵਾ, ਉਸ ਨੇ ਵਿਸ਼ਵ ਪੱਧਰ ’ਤੇ ਭਾਰਤੀ ਪ੍ਰਤਿਭਾ ਦੀ ਗਤੀਸ਼ੀਲਤਾ ਦੇ ਨਾਲ-ਨਾਲ ਭਾਰਤੀ ਮੂਲ ਦੇ ਸਟਾਰਟਅੱਪਸ, ਖਾਸ ਤੌਰ ’ਤੇ ਬੈਂਗਲੁਰੂ ’ਚ ਆਪਣੇ ਕਾਰੋਬਾਰਾਂ ਨੂੰ ਵਧਾਉਣ ਲਈ ਦੇਸ਼, ਖਾਸ ਤੌਰ ’ਤੇ ਬੈਂਗਲੁਰੂ ਆਉਣ ’ਤੇ ਵੀ ਗੌਰ ਕੀਤਾ।