ਗਲੋਬਲ ਟੈਕਨਾਲੋਜੀ ਜਗਤ ’ਚ ਭਾਰਤੀਆਂ ਦਾ ਦਬਦਬਾ ‘ਹਾਂ-ਪੱਖੀ’ : ਸਿਸਕੋ ਪ੍ਰਧਾਨ

Monday, Feb 23, 2026 - 12:24 AM (IST)

ਗਲੋਬਲ ਟੈਕਨਾਲੋਜੀ ਜਗਤ ’ਚ ਭਾਰਤੀਆਂ ਦਾ ਦਬਦਬਾ ‘ਹਾਂ-ਪੱਖੀ’ : ਸਿਸਕੋ ਪ੍ਰਧਾਨ

ਨਵੀਂ ਦਿੱਲੀ, (ਭਾਸ਼ਾ)- ਪ੍ਰਮੁੱਖ ਅਮਰੀਕੀ ਟੈਕਨਾਲੋਜੀ ਕੰਪਨੀ ਸਿਸਕੋ ਦੇ ਪ੍ਰਧਾਨ ਅਤੇ ਮੁੱਖ ਉਤਪਾਦ ਅਧਿਕਾਰੀ ਜੀਤੂ ਪਟੇਲ ਦਾ ਮੰਨਣਾ ਹੈ ਕਿ ਦੁਨੀਆ ਦੀਆਂ ਦਿੱਗਜ ਟੈਕਨਾਲੋਜੀ ਕੰਪਨੀਆਂ ਦੀ ਕਮਾਨ ਸੰਭਾਲ ਰਹੇ ਭਾਰਤੀ ਮੂਲ ਦੇ ਅਧਿਕਾਰੀਆਂ ਦੀ ਵਧਦੀ ਗਿਣਤੀ ਨੂੰ ‘ਪ੍ਰਤਿਭਾ ਪਲਾਇਨ’ ਦੇ ਤੌਰ ’ਤੇ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਭਾਰਤ ਅਤੇ ਵਿਸ਼ਵ ਦੋਵਾਂ ਲਈ ਹੀ ‘ਬੇਹੱਦ ਲਾਭਕਾਰੀ’ ਹੈ।

ਇਸ ਬਹਿਸ ’ਤੇ ਕਿ ਕੀ ਭਾਰਤ ਨੂੰ ਉਦੋਂ ਨੁਕਸਾਨ ਹੁੰਦਾ ਹੈ, ਜਦੋਂ ਉਸ ਦੀਆਂ ਸਰਸ੍ਰੇਸ਼ਠ ਪ੍ਰਤਿਭਾਵਾਂ ਅਮਰੀਕਾ ਅਤੇ ਹੋਰ ਵਿਕਸਤ ਦੇਸ਼ਾਂ ’ਚ ਮੋਹਰੀ ਬਣ ਕੇ ਉੱਭਰਦੀਆਂ ਹਨ, ਪਟੇਲ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ। ਪਟੇਲ ਨੇ ਇਕ ਵਿਸ਼ੇਸ਼ ਇੰਟਰਵਿਊ ’ਚ ਕਿਹਾ,‘‘ਮੈਂ ਭਾਰਤ ਨੂੰ ਪ੍ਰਤਿਭਾ ਦੇ ‘ਪ੍ਰਮੁੱਖ ਬਰਾਮਦਕਾਰ’ ਦੇ ਤੌਰ ’ਤੇ ਦੇਖਦਾ ਹਾਂ। ਮੈਂ ਇਸ ਨੂੰ ਕਦੇ ‘ਇਕ ਦਾ ਲਾਭ-ਦੂਜੇ ਦੀ ਹਾਨੀ’ ਵਾਲੇ ਸਮੀਕਰਨ ਦੇ ਤੌਰ ’ਤੇ ਨਹੀਂ ਸੋਚਿਆ ਹੈ।’’ ਉਨ੍ਹਾਂ ਦਾ ਤਰਕ ਹੈ ਕਿ ਵਿਸ਼ਵ ਪੱਧਰ ’ਤੇ ਝੰਡੇ ਗੱਡ ਰਹੇ ਭਾਰਤੀ ਪੇਸ਼ੇਵਰਾਂ ਦੀ ਸਫਲਤਾ ਦੀਆਂ ਜੜ੍ਹਾਂ ਉਨ੍ਹਾਂ ਸੱਭਿਆਚਾਰਕ ਸੰਸਕਾਰਾਂ ’ਚ ਹਨ, ਜੋ ਉਨ੍ਹਾਂ ਨੂੰ ਆਪਣੇ ਦੇਸ਼ ’ਚ ਮਿਲਦੇ ਹਨ।

ਉਨ੍ਹਾਂ ਕਿਹਾ,‘‘ਜਿਹੜੇ ਭਾਰਤੀ ਇੱਥੇ ਜੰਮੇ ਅਤੇ ਪਲੇ, ਉਨ੍ਹਾਂ ਨੂੰ ਉਨ੍ਹਾਂ ਸੱਭਿਆਚਾਰਕ ਕਦਰਾਂ-ਕੀਮਤਾਂ-ਸਖਤ ਮਿਹਨਤ, ਸਿੱਖਿਆ ਅਤੇ ਨੈਤਿਕਤਾ ਦਾ ਭਰਪੂਰ ਲਾਭ ਮਿਲਿਆ ਹੈ, ਜੋ ਸਾਡੇ ਅੰਦਰ ਰਚੇ-ਵਸੇ ਹਨ। ਜਦੋਂ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਜਾ ਕੇ ਸਫਲ ਹੁੰਦੇ ਹਾਂ, ਤਾਂ ਉਸ ਦੇ ਪਿੱਛੇ ਮੁੱਖ ਤੌਰ ’ਤੇ ਉਹੀ ਕਦਰਾਂ-ਕੀਮਤਾਂ ਹੁੰਦੀਆਂ ਹਨ, ਜੋ ਸਾਨੂੰ ਸ਼ੁਰੂਆਤ ’ਚ ਸਿਖਾਈਆਂ ਗਈਆਂ। ਇਹ ਪੂਰੀ ਦੁਨੀਆ ਲਈ ਤਾਂ ਚੰਗਾ ਹੈ ਹੀ, ਭਾਰਤ ਲਈ ਵੀ ਇਕ ਹਾਂ-ਪੱਖੀ ਉਪਲੱਬਧੀ ਹੈ।’’ ਸਿਸਕੋ ਪ੍ਰਧਾਨ ਨੇ ਦੁਹਰਾਇਆ,‘‘ਮੈਂ ਇਸ ਨੂੰ ‘ਇਕ ਦਾ ਲਾਭ-ਦੂਜੇ ਦੀ ਹਾਨੀ’ ਦੇ ਤੌਰ ’ਤੇ ਨਹੀਂ ਦੇਖਦਾ।’’


author

Rakesh

Content Editor

Related News