ਚਾਂਦੀ 200 ਰੁਪਏ ਚੜ੍ਹੀ, ਜਾਣੋ ਸੋਨੇ ਦੇ ਰੇਟ
Tuesday, Mar 20, 2018 - 02:26 PM (IST)
ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਰਹੀ ਗਿਰਾਵਟ ਵਿਚਕਾਰ ਜਿਊਲਰੀ ਮੰਗ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 10 ਰੁਪਏ ਦੇ ਮਾਮੂਲੀ ਵਾਧੇ ਨਾਲ 31,390 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨਾ ਹੀ ਵਧ ਕੇ 31,240 ਰੁਪਏ ਪ੍ਰਤੀ ਦਸ ਗ੍ਰਾਮ ਬੋਲਿਆ ਗਿਆ। 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਸਥਿਰ ਰਹੀ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਚਾਂਦੀ ਵੀ 200 ਰੁਪਏ ਵਧ ਕੇ 39,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਅਮਰੀਕੀ ਫੈਡਰਲ ਰਿਜ਼ਰਵ ਦੀ ਦੇਰ ਸ਼ਾਮ ਸ਼ੁਰੂ ਹੋਣ ਵਾਲੀ ਦੋ ਦਿਨਾਂ ਬੈਠਕ ਤੋਂ ਪਹਿਲਾਂ ਨਿਵੇਸ਼ਕਾਂ ਦੇ ਸਾਵਧਾਨੀ ਵਰਤਣ ਨਾਲ ਸੋਨੇ ਦੀ ਚਮਕ ਫਿਕੀ ਪਈ ਹੈ। ਕੌਮਾਂਤਰੀ ਪੱਧਰ 'ਤੇ ਸੋਨਾ ਹਾਜ਼ਰ 2.45 ਡਾਲਰ ਘੱਟ ਕੇ 1,314.25 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 3.5 ਡਾਲਰ ਪ੍ਰਤੀ ਔਂਸ ਡਿੱਗ ਕੇ 1,314.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਸੋਨੇ ਦੀ ਗਿਰਾਵਟ ਸੀਮਤ ਰਹੀ ਪਰ ਫੈਡਰਲ ਦੀ ਬੈਠਕ ਦਾ ਦਬਾਅ ਇਸ 'ਤੇ ਬਣਿਆ ਹੋਇਆ ਹੈ। ਵਿਦੇਸ਼ਾਂ 'ਚ ਚਾਂਦੀ ਹਾਜ਼ਰ ਵੀ 0.01 ਡਾਲਰ ਦੀ ਗਿਰਾਵਟ ਨਾਲ 16.30 ਡਾਲਰ ਪ੍ਰਤੀ ਔਂਸ 'ਤੇ ਰਹੀ।
