ਰੀਅਲ ਅਸਟੇਟ ’ਚ ਮੰਦੀ ਦੇ ਸੰਕੇਤ: ਘਰ ਖਰੀਦਣ ’ਚ ਝਿੱਜਕ ਰਹੇ ਲੋਕ, ਬਾਜ਼ਾਰ ’ਚ 40 ਫੀਸਦੀ ਦੀ ਗਿਰਾਵਟ
Tuesday, Apr 07, 2026 - 11:53 PM (IST)
ਨਵੀਂ ਦਿੱਲੀ, (ਭਾਸ਼ਾ)- ਪੱਛਮੀ ਏਸ਼ੀਆ ’ਚ ਜਾਰੀ ਤਣਾਅ, ਆਈ. ਟੀ. ਸੈਕਟਰ ’ਚ ਛਾਂਟੀ ਅਤੇ ਲਗਾਤਾਰ ਵਧਦੀ ਮਹਿੰਗਾਈ ਦਾ ਅਸਰ ਹੁਣ ਦੇਸ਼ ਦੇ ਰੀਅਲ ਅਸਟੇਟ ਬਾਜ਼ਾਰ ’ਤੇ ਸਪੱਸ਼ਟ ਦਿਸਣ ਲੱਗਾ ਹੈ। ਪ੍ਰਮੁੱਖ ਸ਼ਹਿਰਾਂ ’ਚ ਰਿਹਾਇਸ਼ੀ ਜਾਇਦਾਦਾਂ ਦੀ ਮੰਗ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਡਿਵੈੱਲਪਰਜ਼ ਮੁਤਾਬਕ ਖਰੀਦਦਾਰਾਂ ਦੀ ਸਰਗਰਮੀ ’ਚ ਸਪੱਸ਼ਟ ਸੁਸਤੀ ਆ ਗਈ ਹੈ। ਬੇਭਰੋਸਗੀ ਵਾਲੇ ਮਾਹੌਲ ਕਾਰਨ ਲੋਕ ਘਰ ਖਰੀਦਣ ਦਾ ਫੈਸਲਾ ਟਾਲ ਰਹੇ ਹਨ। ਟਾਟਾ ਰਿਐਲਟੀ ਐਂਡ ਇਨਫ੍ਰਾਸਟਰਕਚਰ ਦੇ ਅਧਿਕਾਰੀਆਂ ਅਨੁਸਾਰ ਕਈ ਬਾਜ਼ਾਰਾਂ ’ਚ ਪ੍ਰਾਪਰਟੀ ਪੁੱਛਗਿੱਛ ’ਚ 10-15 ਫੀਸਦੀ ਦੀ ਗਿਰਾਵਟ ਆਈ ਹੈ, ਜਦਕਿ ਐੱਨ. ਸੀ. ਆਰ. ਵਰਗੇ ਖੇਤਰਾਂ ’ਚ ਇਹ ਗਿਰਾਵਟ 30-40 ਫੀਸਦੀ ਤੱਕ ਪਹੁੰਚ ਗਈ ਹੈ।
ਖਰੀਦਦਾਰਾਂ ਦਾ ਭਰੋਸਾ ਹੋਇਆ ਕਮਜ਼ੋਰ
ਮਾਹਿਰਾਂ ਦਾ ਕਹਿਣਾ ਹੈ ਕਿ ਜੰਗ, ਡਾਲਰ ’ਚ ਉਤਾਰ-ਚੜ੍ਹਾਅ ਅਤੇ ਮਹਿੰਗਾਈ ਦੀ ਚਿੰਤਾ ਨੇ ਖਰੀਦਦਾਰਾਂ ਨੂੰ ਚੌਕਸ ਕਰ ਦਿੱਤਾ ਹੈ। ਫਿਲਹਾਲ ਸਿਰਫ ਅਸਲ ਲੋੜ ਵਾਲੇ ਖਰੀਦਦਾਰ ਅਤੇ ਤਜ਼ਰਬੇਕਾਰ ਨਿਵੇਸ਼ਕ ਹੀ ਬਾਜ਼ਾਰ ’ਚ ਸਰਗਰਮ ਨਜ਼ਰ ਆ ਰਹੇ ਹਨ, ਜਦਕਿ ਪ੍ਰੀਮੀਅਮ ਅਤੇ ਲਗਜ਼ਰੀ ਸੈਗਮੈਂਟ ਮੁਕਾਬਲਤਨ ਸਥਿਰ ਬਣਿਆ ਹੋਇਆ ਹੈ। ਪ੍ਰਾਪਰਟੀ ਕੰਸਲਟੈਂਟਸ ਦਾ ਮੰਨਣਾ ਹੈ ਕਿ ਆਈ. ਟੀ. ਸੈਕਟਰ ’ਚ ਨੌਕਰੀਆਂ ’ਚ ਕਟੌਤੀ ਅਤੇ ਅੰਤਰਰਾਸ਼ਟਰੀ ਬੇਭਰੋਸਗੀਆਂ ਨੇ ਖਰੀਦਦਾਰਾਂ ਦੇ ਭਰੋਸੇ ਨੂੰ ਕਮਜ਼ੋਰ ਕੀਤਾ ਹੈ। ਲੋਕ ਫਿਲਹਾਲ ਨਿਵੇਸ਼ ਤੋਂ ਬਚ ਰਹੇ ਹਨ ਅਤੇ ਹਾਲਾਤ ਸਾਧਾਰਨ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਨਾਲ ਬਾਜ਼ਾਰ ਦਾ ਮੂਡ ਠੰਡਾ ਪੈ ਗਿਆ ਹੈ।
ਤੇਜ਼ੀ ਤੋਂ ਬਾਅਦ ਹੁਣ ਸੁਸਤੀ ਦਾ ਦੌਰ
ਇਕ ਪਾਸੇ ਮੰਗ ਘਟ ਰਹੀ ਹੈ ਤੇ ਦੂਜੇ ਪਾਸੇ ਨਿਰਮਾਣ ਲਾਗਤ ਵਧਣ ਨਾਲ ਡਿਵੈੱਲਪਰਰਾਂ ਲਈ ਕੀਮਤਾਂ ਵਧਾਉਣਾ ਮੁਸ਼ਕਲ ਹੋ ਗਿਆ ਹੈ। ਅਜਿਹੇ ’ਚ ਕਈ ਕੰਪਨੀਆਂ ਨਵੇਂ ਪ੍ਰਾਜੈਕਟ ਲਾਂਚ ਕਰਨ ਤੋਂ ਵੀ ਬਚ ਰਹੀਆਂ ਹਨ। ਬਾਜ਼ਾਰ ’ਚ ਸੁਸਤੀ ਕਾਰਨ ਡਿਵੈਲਪਰਜ਼ ਹੁਣ ਸਾਵਧਾਨੀ ਨਾਲ ਕਦਮ ਉਠਾ ਰਹੇ ਹਨ। ਮਹਾਮਾਰੀ ਤੋਂ ਬਾਅਦ 4 ਸਾਲ ਤੱਕ ਚੱਲੇ ਬੂਮ ਤੋਂ ਬਾਅਦ ਹੁਣ ਬਾਜ਼ਾਰ ’ਚ ਠਹਿਰਾਅ ਦੇ ਸੰਕੇਤ ਮਿਲ ਰਹੇ ਹਨ। ਇਸ ਦੌਰਾਨ ਨੋਇਡਾ ਅਤੇ ਗੁਰੂਗ੍ਰਾਮ ’ਚ ਕੀਮਤਾਂ ਤਿੰਨ ਗੁਣਾ ਤੱਕ ਵਧੀਆਂ, ਜਦਕਿ ਹੈਦਰਾਬਾਦ ’ਚ ਦੁੱਗਣੀਆਂ ਹੋ ਗਈਆਂ। ਮਾਹਿਰਾਂ ਅਨੁਸਾਰ, ਤੇਜ਼ ਵਾਧੇ ਤੋਂ ਬਾਅਦ ਹੁਣ ਕੀਮਤਾਂ ’ਚ ਸੰਤੁਲਨ ਆਉਣਾ ਸੁਭਾਵਿਕ ਹੈ।
ਡੀਲ ਫਾਈਨਲ ਹੋਣ ’ਚ ਲੱਗ ਰਿਹਾ ਜ਼ਿਆਦਾ ਸਮਾਂ
ਰੀਅਲ ਅਸਟੇਟ ਬਾਜ਼ਾਰ ’ਚ ਹੁਣ ਸੌਦੇ ਜਲਦੀ ਫਾਈਨਲ ਨਹੀਂ ਹੋ ਰਹੇ। ਜਿੱਥੇ ਪਹਿਲਾਂ 3-4 ਬੈਠਕਾਂ ’ਚ ਡੀਲ ਤੈਅ ਹੋ ਜਾਂਦੀ ਸੀ, ਉੱਥੇ ਹੀ ਹੁਣ 5-6 ਬੈਠਕਾਂ ਤੱਕ ਗੱਲਬਾਤ ਲੰਬੀ ਚੱਲ ਰਹੀ ਹੈ। ਖਰੀਦਦਾਰ ਵੱਧ ਸੌਦੇਬਾਜ਼ੀ ਕਰ ਰਹੇ ਹਨ ਅਤੇ ਲਚਕੀਲੀਆਂ ਭੁਗਤਾਨ ਯੋਜਨਾਵਾਂ ਦੀ ਮੰਗ ਵਧ ਗਈ ਹੈ। ਮੰਗ ਨੂੰ ਵਧਾਉਣ ਲਈ ਡਿਵੈਲਪਰਾਂ ਫਿਰ ਤੋਂ ਛੋਟ ਅਤੇ ਆਫ਼ਰਾਂ ਦੇ ਰਹੇ ਹਨ। ਨਿਰਮਾਣ ਅਧੀਨ ਪ੍ਰਾਜੈਕਟਾਂ ’ਤੇ 10-15 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਈ. ਐੱਮ. ਆਈ. ਸਬਸਿਡੀ ਅਤੇ ਫਲੈਕਸੀਬਲ ਪੇਮੈਂਟ ਪਲਾਨਸ ਵੀ ਫਿਰ ਤੋਂ ਬਾਜ਼ਾਰ ’ਚ ਪਰਤ ਆਏ ਹਨ। ਗੈਰ-ਨਿਵਾਸੀ ਭਾਰਤੀ (ਐੱਨ. ਆਰ. ਆਈ.) ਖਰੀਦਦਾਰ ਵੀ ਹੁਣ ਜ਼ਿਆਦਾ ਸੌਦੇਬਾਜ਼ੀ ਕਰ ਰਹੇ ਹਨ।
ਗਿਰਾਵਟ ਕਈ ਸਾਲਾਂ ਦੇ ਤੇਜ਼ ਵਾਧੇ ਤੋਂ ਬਾਅਦ ਬਾਜ਼ਾਰ ’ਚ ਸੁਭਾਵਿਕ ਸਥਿਰਤਾ ਦਾ ਸੰਕੇਤ
ਪ੍ਰਾਪਰਟੀ ਕੰਸਲਟੈਂਟ ਨਾਈਟ ਫ੍ਰੈਂਕ ਦੀ ਰਿਪੋਰਟ ਅਨੁਸਾਰ ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਜਨਵਰੀ-ਮਾਰਚ ਤਿਮਾਹੀ ਦੌਰਾਨ ਰਿਹਾਇਸ਼ੀ ਵਿਕਰੀ 4 ਫੀਸਦੀ ਘਟ ਕੇ 84,827 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ 88,361 ਇਕਾਈ ਸੀ। ਉੱਚੀਆਂ ਜਾਇਦਾਦ ਕੀਮਤਾਂ ਅਤੇ ਪੱਛਮੀ ਏਸ਼ੀਆ ’ਚ ਜਾਰੀ ਭੂ-ਸਿਆਸੀ ਤਣਾਅ ਨੇ ਬਾਜ਼ਾਰ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ।
ਰਿਪੋਰਟ ਮੁਤਾਬਕ ਮੁੰਬਈ, ਦਿੱਲੀ-ਐੱਨ. ਸੀ. ਆਰ. ਅਤੇ ਪੁਣੇ ’ਚ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ, ਜਦਕਿ ਬੈਂਗਲੁਰੂ, ਹੈਦਰਾਬਾਦ, ਚੇਨਈ, ਅਹਿਮਦਾਬਾਦ ਅਤੇ ਕੋਲਕਾਤਾ ’ਚ ਵਾਧਾ ਦੇਖਿਆ ਗਿਆ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਸ਼ਿਸ਼ਿਰ ਬੈਜਲ ਅਨੁਸਾਰ ਇਹ ਗਿਰਾਵਟ ਕਈ ਸਾਲਾਂ ਦੇ ਤੇਜ਼ ਵਾਧੇ ਤੋਂ ਬਾਅਦ ਬਾਜ਼ਾਰ ’ਚ ਸੁਭਾਵਿਕ ਸਥਿਰਤਾ ਦਾ ਸੰਕੇਤ ਹੋ ਸਕਦੀ ਹੈ, ਸਗੋਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਘਟਦੀ ਵਿਕਰੀ ਖਰੀਦਦਾਰਾਂ ਦੀ ਸਮਰੱਥਾ ’ਤੇ ਦਬਾਅ ਪਾ ਰਹੀਆਂ ਹਨ।
ਅੰਕੜਿਆਂ ਅਨੁਸਾਰ ਨਵੀਂ ਰਿਹਾਇਸ਼ੀ ਸਪਲਾਈ ਵੀ 2 ਫੀਸਦੀ ਘਟ ਕੇ 94,855 ਇਕਾਈ ਰਹਿ ਗਈ, ਜੋ ਬਾਜ਼ਾਰ ’ਚ ਚੌਕਸ ਰੁਖ਼ ਨੂੰ ਦਰਸਾਉਂਦੀ ਹੈ।
