ਭਾਰਤ ’ਚ ਮਹਿੰਗਾਈ ਦੇ ਕਾਬੂ ਆਉਣ ਦੇ ਸੰਕੇਤ, ਜੁਲਾਈ ’ਚ ਡਿੱਗ ਕੇ 7 ਫੀਸਦੀ ਤੋਂ ਹੇਠਾਂ ਆਉਣ ਦਾ ਅਨੁਮਾਨ

08/11/2022 2:13:12 PM

ਨਵੀਂ ਦਿੱਲੀ (ਇੰਟ.) - ਭਾਰਤ ’ਚ ਖਾਦ ਤੇ ਈਂਧਨ ਪ੍ਰਚੂਨ ਮਹਿੰਗਾਈ ਦਰ ਜੁਲਾਈ ’ਚ ਕੁਝ ਹੇਠਾਂ ਆਉਣ ਦਾ ਅਨੁਮਾਨ ਹੈ। ਹਾਲਾਂਕਿ, ਇਹ ਹੁਣ ਵੀ ਆਰ. ਬੀ. ਆਈ. ਦੀ ਤੈਅ ਮਹਿੰਗਾਈ ਹੱਦ ਤੋਂ ਬਾਹਰ ਹੈ। ਇਹ ਗੱਲ ਨਿਊਜ਼ ਏਜੰਸੀ ਰਾਈਟਰਸ ਦੇ ਇਕ ਪੋਲ ’ਚ ਸਾਹਮਣੇ ਆਈ ਹੈ। ਖਪਤਕਾਰ ਮੁੱਲ ਸੂਚਕ ਅੰਕ ਬਾਸਕਟ ਦਾ ਕਰੀਬ ਅੱਧਾ ਹਿੱਸਾ ਖਾਦ ਕੀਮਤਾਂ ਨਾਲ ਬਣਦਾ ਹੈ ਅਤੇ ਇਸ ’ਚ ਪਿਛਲੇ ਮਹੀਨੇ ਨਰਮੀ ਆਈ ਹੈ।

ਹਾਲਾਂਕਿ, ਮਹਿੰਗਾਈ ’ਚ ਗਿਰਾਵਟ ਦੀ ਸਭ ਤੋਂ ਵੱਡੀ ਵਜ੍ਹਾ ਅੰਤਰਰਾਸ਼ਟਰੀ ਕੀਮਤਾਂ ’ਚ ਕਮੀ ਤੇ ਦਰਾਮਦ ਡਿਊਟੀ ਅਤੇ ਕਣਕ ਬਰਾਮਦ ’ਤੇ ਰੋਕ ਲਈ ਸਰਕਾਰੀ ਦਖਲਅੰਦਾਜ਼ੀ ਨੂੰ ਮੰਨਿਆ ਜਾ ਸਕਦਾ ਹੈ। ਇਸ ਸਾਲ ਅਸਾਧਾਰਨ ਮਾਨਸੂਨ ਅਤੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਨੇੜਲੀ ਮਿਆਦ ’ਚ ਮਹਿੰਗਾਈ ਦੇ ਮੋਰਚੇ ’ਤੇ ਕਾਫੀ ਅਨਿਸ਼ਚਿਤਤਾ ਦੇਖਣ ਨੂੰ ਮਿਲੇਗੀ, ਜੋ ਮਹਿੰਗਾਈ ਨੂੰ ਕਾਬੂ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਦੀ ਪ੍ਰਭਾਵਸ਼ੀਲਤਾ ਨੂੰ ਘੱਟ ਕਰ ਸਕਦੀ ਹੈ।

ਕਿੰਨੀ ਰਹਿ ਸਕਦੀ ਹੈ ਮਹਿੰਗਾਈ

2-9 ਅਗਸਤ ਤੱਕ 48 ਅਰਥਸ਼ਾਸਤਰੀਆਂ ਵਿਚਕਾਰ ਕਰਵਾਏ ਸਰਵੇਖਣ ’ਚ ਜੁਲਾਈ ’ਚ ਸੀ. ਪੀ. ਆਈ. ਆਧਾਰਿਤ ਪ੍ਰਚੂਨ ਮਹਿੰਗਾਈ ਦੇ ਸਾਲਾਨਾ ਆਧਾਰ ’ਤੇ 6.78 ਫੀਸਦੀ ਰਹਿਣ ਦਾ ਅਨੁਮਾਨ ਹੈ, ਜੋ 5 ਮਹੀਨਿਆਂ ਦਾ ਘੱਟੋ-ਘੱਟ ਪੱਧਰ ਹੋਵੇਗਾ। ਜੂਨ ’ਚ ਮਹਿੰਗਾਈ ਦਰ 7.01 ਫੀਸਦੀ ਸੀ। ਦੱਸ ਦਈਏ ਕਿ ਪ੍ਰਚੂਨ ਮਹਿੰਗਾਈ ਦਾ ਡਾਟਾ 12 ਅਗਸਤ ਨੂੰ ਜਾਰੀ ਹੋਣਾ ਹੈ।

ਖਾਦ ਅਤੇ ਊਰਜਾ ਕੀਮਤਾਂ ਘਟੀਆਂ

ਪੈਂਥੀਯਾਨ ਮੈਕ੍ਰੋਇਕਨਾਮਿਕਸ ਦੇ ਚੀਫ ਐਮਰਜਿੰਗ ਏਸ਼ੀਆ ਇਕਾਨਮਿਸਟ ਮਿਗੁਏਲ ਚਾਂਕੋ ਨੇ ਕਿਹਾ, ਖਾਦ ਅਤੇ ਊਰਜਾ ਦੀਆਂ ਕੀਮਤਾਂ ਲਾਜ਼ਮੀ ਬੇਹੱਦ ਮਾਮੂਲੀ ਪੱਧਰ ਉਤੇ ਪਰ ਲਾਜ਼ਮੀ ਰੂਪ ਨਾਲ ਘੱਟ ਹੋ ਰਹੀ ਹੈ। ਅਜਿਹਾ ਉਦੋਂ ਹੈ ਜਦੋਂ ਹਾਲ ਦੇ ਸਮੇਂ ’ਚ ਰੁਪਇਆ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਮਹਿੰਗਾਈ ਅਗਲੇ ਕੁਝ ਮਹੀਨਿਆਂ ਤੱਕ ਬਣੀ ਰਹਿ ਸਕਦੀ ਹੈ ਪਰ ਜਿਸ ਸਥਿਤੀ ’ਚ ਅਸੀਂ ਹੁਣ ਹਾਂ ਇਸ ਤੋਂ ਬੁਰਾ ਨਹੀਂ ਹੋਵੇਗਾ।’’ ਜ਼ਿਕਰਯੋਗ ਹੈ ਕਿ ਜੁਲਾਈ ’ਚ ਥੋਕ ਮੁੱਲ ਮਹਿੰਗਾਈ ਜੂਨ ’ਚ 15.18 ਫੀਸਦੀ ਤੋਂ ਘੱਟ ਕੇ 14.20 ਫੀਸਦੀ ’ਤੇ ਆ ਗਈ ਹੈ।

ਮਹਿੰਗਾਈ ਨੂੰ ਕਾਬੂ ਕਰਨ ਲਈ ਵਧੇ ਰੇਪੋ ਰੇਟ

ਆਰ. ਬੀ. ਆਈ. ਮਹਿੰਗਾਈ ਨੂੰ ਕਾਬੂ ਕਰਨ ਲਈ 4 ਮਹੀਨਿਆਂ ’ਚ 3 ਵਾਰ ਰੇਪੋ ਰੇਟ ਵਧਾ ਕੇ ਇਸ ਨੂੰ 5.40 ਤੱਕ ਲੈ ਆਇਆ ਹੈ। ਆਰ. ਬੀ. ਆਈ. ਨੇ ਪਿਛਲੇ ਹਫਤੇ ਆਈ. ਬੀ. ਆਈ. 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਮਈ ਅਤੇ ਜੂਨ ’ਚ ਕੁੱਲ 90 ਬੇਸਿਸ ਪੁਆਇੰਟ ਦਾ ਇਜ਼ਾਫਾ ਕੀਤਾ ਗਿਆ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ’ਚ ਅੱਗੇ ਵੀ 30-35 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਜਾ ਸਕਦਾ ਹੈ। ਉਥੇ, ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਵਿੱਤੀ ਸਾਲ ਦੀ ਆਖਰੀ ਤਿਮਾਹੀ ’ਚ ਮਹਿੰਗਾਈ ਨਿਰਧਾਰਿਤ ਘੇਰੇ ’ਚ ਆ ਸਕਦੀ ਹੈ।


Harinder Kaur

Content Editor

Related News