ਹਾਂਪੱਖੀ ਖਪਤਕਾਰ ਧਾਰਨਾ ਨਾਲ ਵਾਹਨਾਂ ਦੀ ਥੋਕ ਵਿਕਰੀ 2024 ’ਚ 12 ਫੀਸਦੀ ਵਧੀ : ਸਿਆਮ
Wednesday, Jan 15, 2025 - 12:11 AM (IST)
ਨਵੀਂ ਦਿੱਲੀ, (ਭਾਸ਼ਾ)– ਹਾਂਪੱਖੀ ਖਪਤਕਾਰ ਧਾਰਨਾ ਦੇ ਦਮ ’ਤੇ ਸਾਲ 2024 ’ਚ ਵਾਹਨ ਵਿਨਿਰਮਾਤਾਵਾਂ ਤੋਂ ਡੀਲਰਾਂ ਨੂੰ ਵਾਹਨਾਂ ਦੀ ਥੋਕ ਵਿਕਰੀ 12 ਫੀਸਦੀ ਵਧ ਗਈ, ਜਿਸ ’ਚ ਦੋਪਹੀਆ ਵਾਹਨਾਂ ਦੀ ਮਜ਼ਬੂਤ ਮੰਗ ਦੀ ਮਹੱਤਵਪੂਰਨ ਭੂਮਿਕਾ ਰਹੀ। ਉਦਯੋਗ ਸੰਸਥਾ ਸਿਆਮ ਨੇ ਮੰਗਲਵਾਰ ਨੂੰ ਇਹ ਗੱਲ ਕਹੀ।
ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਕਿਹਾ ਕਿ ਪਿਛਲੇ ਸਾਲ ਸਾਰੇ ਵਾਹਨ ਵਰਗਾਂ ਦੀ ਕੁੱਲ ਥੋਕ ਵਿਕਰੀ 2,54,98,763 ਯੂਨਿਟ ਰਹੀ। ਦੇਸ਼ ’ਚ ਵਾਹਨ ਵਿਨਿਰਮਾਤਾ ਕੰਪਨੀਆਂ ਦੇ ਟੌਪ ਸੰਗਠਨ ਸਿਆਮ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ,‘ਸਾਲ 2024 ਵਾਹਨ ਉਦਯੋਗ ਲਈ ਕਾਫੀ ਚੰਗਾ ਸਾਲ ਰਿਹਾ। ਹਾਂਪੱਖੀ ਖਪਤਕਾਰ ਧਾਰਨਾ ਅਤੇ ਦੇਸ਼ੀ ਪੱਧਰੀ ਆਰਥਿਕ ਸਥਿਰਤਾ ਨੇ ਵੱਖ-ਵੱਖ ਵਾਹਨ ਵਰਗਾਂ ’ਚ ਇਸ ਖੇਤਰ ਲਈ ਲੋੜੀਂਦੇ ਵਾਧੇ ਨੂੰ ਬੜ੍ਹਾਵਾ ਦੇਣ ’ਚ ਮਦਦ ਕੀਤੀ।’
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਵਿਕਰੀ ਵਾਧੇ ’ਚ ਦੋਪਹਿਆ ਵਾਹਨ ਵਰਗ ਦੀ ਮੁੱਖ ਹਿੱਸੇਦਾਰੀ ਰਹੀ। ਦੋਪਹਿਆ ਵਾਹਨਾਂ ਦੀ ਥੋਕ ਵਿਕਰੀ 2023 ਦੇ ਮੁਕਾਬਲੇ ’ਚ ਪਿਛਲੇ ਸਾਲ 14.5 ਫੀਸਦੀ ਵਧ ਗਈ। ਬਿਆਨ ਅਨੁਸਾਰ ਸਕੂਟਰਾਂ ਅਤੇ ਮੋਟਰਸਾਈਕਲਾਂ ਦੀ ਥੋਕ ਵਿਕਰੀ 2024 ’ਚ 14.5 ਫੀਸਦੀ ਵਧ ਕੇ 1,95,43,093 ਯੂਨਿਟ ਹੋ ਗਈ ਜਦਕਿ ਉਸ ਤੋਂ ਇਕ ਸਾਲ ਪਹਿਲਾਂ ਇਹ 1,70,75,432 ਯੂਨਿਟ ਸੀ।
ਚੰਦਰਾ ਨੇ ਕਿਹਾ ਕਿ 2024 ’ਚ ਯਾਤਰੀ ਵਾਹਨਾਂ ਅਤੇ ਤਿੰਨ ਪਹਿਆ ਵਾਹਨਾਂ ਦੀ ਕਿਸੇ ਇਕ ਕੈਲੰਡਰ ਸਾਲ ’ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ 2023 ਦੇ ਮੁਕਾਬਲੇ 2024 ’ਚ ਯਾਤਰੀ ਵਾਹਨਾਂ ਦੀ ਵਿਕਰੀ 4 ਫੀਸਦੀ ਵਧ ਕੇ ਲੱਗਭਗ 43 ਲੱਖ ਯੂਨਿਟ ਰਹੀ। ਇਸ ਤਰ੍ਹਾਂ ਤਿੰਨ ਪਹਿਆ ਵਾਹਨਾਂ ਨੇ 2024 ’ਚ 7.3 ਲੱਖ ਯੂਨਿਟਾਂ ਦੀ ਵਿਕਰੀ ਨਾਲ 7 ਫੀਸਦੀ ਦਾ ਵਾਧਾ ਦਰਜ ਕੀਤਾ।