Airlines ਦੀ ਹਾਲਤ ਹੋਵੇਗੀ ਢਿੱਲੀ, ਮੁਸਾਫ਼ਰਾਂ ਦੀ ਗਿਣਤੀ 'ਚ ਭਾਰੀ ਗਿਰਾਵਟ
Wednesday, May 19, 2021 - 10:01 AM (IST)
ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਆਪਣੇ ਵੈੱਬਸਾਈਟ 'ਤੇ ਰੋਜ਼ਾਨਾ ਅੰਕੜੇ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਉੱਥੇ ਹੀ, ਹਵਾਈ ਮੁਸਾਫ਼ਰਾਂ ਦੀ ਗਿਣਤੀ ਘਟਣ ਕਾਰਨ ਪਹਿਲਾਂ ਤੋਂ ਬੋਝ ਦਾ ਸਾਹਮਣਾ ਕਰ ਰਹੀਆਂ ਏਅਰਲਾਈਨਾਂ ਦੀ ਹਾਲਤ ਹੋਰ ਪਤਲੀ ਹੋਵੇਗੀ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਮੰਗਲਵਾਰ ਜਾਰੀ ਅੰਕੜਿਆਂ ਅਨੁਸਾਰ, ਇਸ ਸਾਲ ਮਾਰਚ ਦੇ ਮੁਕਾਬਲੇ ਅਪ੍ਰੈਲ ਵਿਚ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ 26.81 ਫ਼ੀਸਦੀ ਘੱਟ ਕੇ 57.25 ਲੱਖ ਰਹਿ ਗਈ। ਇਹ ਅੰਕੜਾ ਅਕਤੂਬਰ 2020 ਤੋਂ ਬਾਅਦ ਸਭ ਤੋਂ ਘੱਟ ਹੈ।
ਇਸ ਸਾਲ ਮਾਰਚ ਵਿਚ 78.22 ਲੱਖ ਲੋਕਾਂ ਨੇ ਹਵਾਈ ਯਾਤਰਾ ਕੀਤੀ ਸੀ। ਮਈ ਵਿਚ ਇਸ ਗਿਣਤੀ ਵਿਚ ਹੋਰ ਤੇਜ਼ੀ ਨਾਲ ਆ ਰਹੀ ਗਿਰਾਵਟ ਤੋਂ ਬਾਅਦ ਮੰਤਰਾਲਾ ਨੇ ਰੋਜ਼ਾਨਾ ਦੇ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਹਨ। ਅੰਤਿਮ ਅੰਕੜੇ 14 ਮਈ ਦੇ ਉਪਲਬਧ ਹਨ ਜਦੋਂ ਇਕ ਦਿਨ ਵਿਚ 825 ਉਡਾਣਾਂ ਵਿਚ 54,181 ਯਾਤਰੀਆਂ ਨੇ ਸਫ਼ਰ ਕੀਤਾ ਸੀ। ਇਹ ਅਪ੍ਰੈਲ ਦੀ ਤੁਲਨਾ ਵਿਚ 72 ਫ਼ੀਸਦੀ ਘੱਟ ਹੈ। ਆਮ ਤੌਰ 'ਤੇ ਅਪ੍ਰੈਲ ਅਤੇ ਮਈ ਵਿਚ ਹਵਾਈ ਯਾਤਰੀਆਂ ਦੀ ਗਿਣਤੀ ਵਧਦੀ ਹੈ ਕਿਉਂਕਿ ਸਕੂਲ, ਕਾਲਜਾਂ ਵਿਚ ਛੁੱਟੀਆਂ ਹੋਣ ਨਾਲ ਪਰਿਵਾਰ ਘੁੰਮਣ ਜਾਂਦੇ ਹਨ ਪਰ ਇਸ ਵਾਰ ਕੋਵਿਡ ਦੀ ਦੂਜੀ ਲਹਿਰ ਕਾਰਨ ਪਹਿਲਾਂ ਵਾਲਾ ਮਾਹੌਲ ਨਹੀਂ ਹੈ। ਪਿਛਲੇ ਸਾਲ 25 ਮਾਰਚ ਤੋਂ ਦੋ ਮਹੀਨਿਆਂ ਲਈ ਉਡਾਣਾਂ ਬੰਦ ਰਹੀਆਂ ਸਨ। ਇਸ ਪਿੱਛੋਂ 25 ਮਈ 2020 ਨੂੰ ਘਰੇਲੂ ਮਾਰਗਾਂ 'ਤੇ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।