ਇੰਫੋਸਿਸ ਦੇ ਸ਼ੇਅਰ 9 ਫੀਸਦੀ ਡਿੱਗੇ, ਨਿਵੇਸ਼ਕਾਂ ਨੂੰ 40,000 ਕਰੋੜ ਰੁਪਏ ਦਾ ਹੋਇਆ ਨੁਕਸਾਨ

04/18/2022 1:40:22 PM

ਮੁੰਬਈ - ਹਫਤੇ ਦੇ ਪਹਿਲੇ ਦਿਨ ਜਿਵੇਂ ਹੀ ਸ਼ੇਅਰ ਬਾਜ਼ਾਰ ਖੁੱਲ੍ਹਿਆ, ਇੰਫੋਸਿਸ ਦੇ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ। ਕੰਪਨੀ ਦੇ ਸ਼ੇਅਰ ਨੌਂ ਫੀਸਦੀ ਤੱਕ ਡਿੱਗ ਗਏ ਅਤੇ ਇਸ ਕਾਰਨ ਨਿਵੇਸ਼ਕਾਂ ਨੂੰ ਕੁਝ ਹੀ ਮਿੰਟਾਂ 'ਚ 40,000 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਗਿਰਾਵਟ ਦੇ ਨਾਲ ਬਾਜ਼ਾਰ ਵਿੱਚ ਹੋ ਰਿਹਾ ਕਾਰੋਬਾਰ

ਅੱਜ ਬਾਜ਼ਾਰ 'ਚ ਇੰਫੋਸਿਸ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਸਵੇਰੇ ਸਾਢੇ 9 ਵਜੇ ਕੰਪਨੀ ਦੇ ਸ਼ੇਅਰ 9 ਫੀਸਦੀ ਡਿੱਗ ਕੇ 1592 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਕੰਪਨੀ ਦੇ ਸਟਾਕ 'ਚ ਇਹ ਗਿਰਾਵਟ 23 ਮਾਰਚ 2020 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਹਾਲਾਂਕਿ ਜਿਵੇਂ-ਜਿਵੇਂ ਬਾਜ਼ਾਰ ਅੱਗੇ ਵਧਿਆ, ਉਸ 'ਚ ਕੁਝ ਸੁਧਾਰ ਹੋਇਆ ਅਤੇ ਸਵੇਰੇ 11.17 ਵਜੇ ਤੱਕ ਸ਼ੇਅਰ ਦੀ ਕੀਮਤ 7.56 ਫੀਸਦੀ ਦੇ ਨੁਕਸਾਨ ਨਾਲ ਕਾਰੋਬਾਰ ਕਰ ਰਹੀ ਸੀ। ਸ਼ੇਅਰਾਂ 'ਚ ਇਸ ਗਿਰਾਵਟ ਕਾਰਨ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਕੁਝ ਮਿੰਟਾਂ ਦੇ ਕਾਰੋਬਾਰ ਦੌਰਾਨ ਨਿਵੇਸ਼ਕਾਂ ਨੂੰ 40,000 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ : 5% ਟੈਕਸ ਸਲੈਬ ਨੂੰ ਹਟਾ ਸਕਦੀ ਹੈ GST ਕੌਂਸਲ, ਕੁਝ ਉਤਪਾਦਾਂ ਲਈ ਨਵੀਆਂ ਦਰਾਂ ਸੰਭਵ

ਮਾਰਕੀਟ ਪੂੰਜੀਕਰਣ 

ਸਟਾਕ ਮਾਰਕੀਟ ਦੀ ਮਾੜੀ ਸ਼ੁਰੂਆਤ ਦੇ ਨਾਲ ਇੰਫੋਸਿਸ ਦੇ ਸ਼ੇਅਰਾਂ ਵਿੱਚ ਇਸ ਵੱਡੀ ਗਿਰਾਵਟ ਕਾਰਨ ਬੰਬਈ ਸਟਾਕ ਐਕਸਚੇਂਜ (ਬੀਐਸਈ) 'ਤੇ ਕੰਪਨੀ ਦਾ ਮਾਰਕੀਟ ਕੈਪ (ਮਾਰਕੀਟ ਪੂੰਜੀਕਰਣ) ਵੀ ਡਿੱਗ ਕੇ 6,92,281 ਕਰੋੜ ਰੁਪਏ ਰਹਿ ਗਿਆ।

ਧਿਆਨ ਯੋਗ ਹੈ ਕਿ ਕੰਪਨੀ ਦੇ ਚੌਥੀ ਤਿਮਾਹੀ ਦੇ ਨਤੀਜਿਆਂ ਦਾ ਅਸਰ ਸ਼ੇਅਰਾਂ ਦੀ ਕੀਮਤ 'ਤੇ ਨਜ਼ਰ ਆ ਰਿਹਾ ਹੈ। ਜੈਫਰੀਜ਼ ਇੰਡੀਆ ਨੇ ਇੰਫੋਸਿਸ ਦੇ ਮਾਰਜਨ ਅਨੁਮਾਨ ਨੂੰ 1 ਤੋਂ ਘਟਾ ਕੇ 1.7 ਫੀਸਦੀ ਕਰ ਦਿੱਤਾ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਇੰਫੋਸਿਸ ਦਾ ਮਾਰਜਨ 1.93 ਫੀਸਦੀ ਘਟ ਕੇ 21.6 ਫੀਸਦੀ ਰਿਹਾ ਹੈ। ਰਿਪੋਰਟ ਮੁਤਾਬਕ ਇਸ ਦਾ ਕਾਰਨ ਕੰਮਕਾਜ ਵਾਲੇ ਦਿਨਾਂ ਵਿਚ ਕਮੀ ਦੇ ਨਾਲ ਉਮੀਦ ਤੋਂ ਜ਼ਿਆਦਾ ਲਾਗਤ ਹੋਣਾ ਹੈ।

ਇਹ ਵੀ ਪੜ੍ਹੋ :  ਇੱਕ ਪੰਦਰਵਾੜੇ ਵਿੱਚ ਸੋਨੇ ਦੀਆਂ ਵਾਇਦਾ ਕੀਮਤਾਂ ਵਿਚ 826 ਅਤੇ ਚਾਂਦੀ ਵਿਚ 1545 ਦਾ ਵਾਧਾ

ਤਿੰਨ ਮਹੀਨਿਆਂ ਵਿੱਚ 80 ਹਜ਼ਾਰ ਕਾਮਿਆਂ ਨੇ ਨੌਕਰੀਆਂ ਛੱਡੀਆਂ

ਪਿਛਲੇ ਦਿਨੀਂ ਆਈ ਰਿਪੋਰਟ ਮੁਤਾਬਕ ਜਿੱਥੇ ਕੰਪਨੀ ਆਉਣ ਵਾਲੇ ਸਮੇਂ 'ਚ 50,000 ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇੰਫੋਸਿਸ 'ਚ ਕੰਪਨੀ ਛੱਡਣ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ ਜ਼ਿਆਦਾ ਹੈ। ਜਨਵਰੀ-ਮਾਰਚ ਤਿਮਾਹੀ ਦੌਰਾਨ ਕੰਪਨੀ ਦੇ 27.7 ਫੀਸਦੀ ਕਰਮਚਾਰੀਆਂ ਨੇ ਨੌਕਰੀ ਛੱਡ ਦਿੱਤੀ। ਤਿੰਨ ਮਹੀਨਿਆਂ ਵਿੱਚ ਇੰਫੋਸਿਸ ਛੱਡਣ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ 80,000 ਦੇ ਕਰੀਬ ਹੈ। ਇੰਫੋਸਿਸ ਨੇ ਬੁੱਧਵਾਰ ਨੂੰ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ। ਕੰਪਨੀ ਨੇ 5686 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਕੰਪਨੀ ਮੁਤਾਬਕ ਉਸਦੇ ਮੁਨਾਫ਼ੇ ਵਿਚ ਪਿਛਲੀ ਤਿਮਾਹੀ ਦੇ ਮੁਕਾਬਲੇ 12 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਖਰਚਿਆਂ ’ਚ ਕੀਤੀ ਕਟੌਤੀ, ਕੀਮਤਾਂ ਹੋਰ ਵਧਣ ਦੀ ਜਾਰੀ ਹੋਈ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News