ਕੋਰੋਨਾ ਟੀਕਾ : ਇਹ ਭਾਰਤੀ ਕੰਪਨੀ ਹਰ ਮਹੀਨੇ ਬਣਾਏਗੀ 10 ਕਰੋੜ ਖੁਰਾਕਾਂ

Friday, Dec 11, 2020 - 04:06 PM (IST)

ਕੋਰੋਨਾ ਟੀਕਾ : ਇਹ ਭਾਰਤੀ ਕੰਪਨੀ ਹਰ ਮਹੀਨੇ ਬਣਾਏਗੀ 10 ਕਰੋੜ ਖੁਰਾਕਾਂ

ਨਵੀਂ ਦਿੱਲੀ— ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਅਗਲੇ ਸਾਲ ਤੋਂ ਕੋਰੋਨਾ ਵਾਇਰਸ ਟੀਕੇ ਦੀਆਂ 10 ਕਰੋੜ ਖ਼ੁਰਾਕਾਂ ਬਣਾਉਣ ਦੀ ਹੈ। ਪੁਣੇ ਦੀ ਇਸ ਕੰਪਨੀ ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਵਿਡ-19 ਟੀਕੇ ਦਾ ਉਤਪਾਦਨ ਕਰਨ ਲਈ ਐਸਟ੍ਰਾਜ਼ੇਨੇਕਾ ਨਾਲ ਸਾਂਝੇਦਾਰੀ ਕੀਤੀ ਹੈ। 'ਕੋਵਿਸ਼ੀਲਡ' ਨਾਂ ਦਾ ਇਹ ਟੀਕਾ ਭਾਰਤ 'ਚ ਮੌਜੂਦਾ ਸਮੇਂ ਕਲੀਨੀਕਲ ਟ੍ਰਾਇਲ ਦੇ ਤੀਜੇ ਫੇਜ 'ਚ ਹੈ।


ਪੂਨਾਵਾਲਾ ਨੇ ਕਿਹਾ ਕਿ ਭਵਿੱਖ 'ਚ ਬਿਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਲਈ ਉਤਪਾਦਨ ਸਮਰੱਥਾ 2021 ਦੇ ਅੰਤ ਤੱਕ ਵਧਾ ਕੇ 250 ਕਰੋੜ ਖ਼ਰਾਕਾਂ ਸਾਲਾਨਾ ਕਰ ਦਿੱਤੀ ਜਾਵੇਗੀ। ਮੌਜੂਦਾ ਸਮੇਂ ਉਨ੍ਹਾਂ ਦੀ ਕੰਪਨੀ ਦੀ ਸਾਲਾਨਾ ਉਤਪਾਦਨ ਸਮਰੱਥਾ 150 ਕਰੋੜ ਖ਼ੁਰਾਕਾਂ ਦੀ ਹੈ।

ਹੁਣ ਤੱਕ ਕੰਪਨੀ ਆਕਸਫੋਰਡ ਯੂਨੀਵਰਸਿਟੀ-ਐਸਟਰਾਜ਼ੇਨੇਕਾ ਟੀਕਾ ਦੀਆਂ 5 ਕਰੋੜ ਖੁਰਾਕਾਂ ਬਣਾ ਚੁੱਕੀ ਹੈ। ਭਾਰਤ 'ਚ ਕੋਰੋਨਾ ਟੀਕੇ ਦੇ ਐਮਰਜੈਂਸੀ ਵਰਤੋਂ ਅਧਿਕਾਰਾਂ ਦੀ ਮਨਜ਼ੂਰੀ ਮੰਗਣ ਲਈ ਅਰਜ਼ੀ ਦੇਣ ਵਾਲੀ ਇਹ ਪਹਿਲੀ ਕੰਪਨੀ ਹੈ। ਭਾਰਤ ਦੇ ਦਵਾ ਨਿਗਰਾਨ ਨੇ ਇਸ ਹਫ਼ਤੇ ਕਿਹਾ ਹੈ ਕਿ ਉਸ ਨੇ ਐਸਟ੍ਰਾਜ਼ੇਨੇਕਾ ਦੇ ਕੋਵੀਡ-19 ਟੀਕੇ ਲਈ ਐਮਰਜੈਂਸੀ ਅਧਿਕਾਰਾਂ ਬਾਰੇ ਫੈਸਲਾ ਲੈਣ ਲਈ ਹੋਰ ਅੰਕੜੇ ਮੰਗੇ ਹਨ।


author

Sanjeev

Content Editor

Related News