ਸ਼ੇਅਰ ਬਾਜ਼ਾਰ 'ਚ ਸਾਲ ਦੀ ਤੀਜੀ ਵੱਡੀ ਗਿਰਾਵਟ : ਸੈਂਸੈਕਸ 773 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ ਹੋਇਆ ਬੰਦ
Friday, Feb 11, 2022 - 04:06 PM (IST)
ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਅੱਜ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਭਾਰਤੀ ਸਟਾਕ ਐਕਸਚੇਂਜ ਦਾ ਸੈਂਸੈਕਸ 1.31 ਫ਼ੀਸਦੀ ਭਾਵ 773.11 ਅੰਕਾਂ ਦੀ ਗਿਰਾਵਟ ਨਾਲ 58,152.92 ਦੇ ਪੱਧਰ ਉੱਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜੀ ਦਾ ਨਿਫਟੀ 1.31 ਫ਼ੀਸਦੀ ਭਾਵ 231.10 ਅੰਕਾਂ ਦੀ ਗਿਰਾਵਟ ਦੇ ਨਾਲ 17,374.75 ਅੰਕ ਤੇ ਬੰਦ ਹੋਈ ਹੈ।
ਸ਼ੁੱਕਰਵਾਰ ਨੂੰ ਇਕ ਵਾਰ ਫਿਰ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਦੇਖਦੇ ਹੀ ਦੇਖਦੇ ਡਿੱਗ ਗਿਆ। ਇਸ ਦੌਰਾਨ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 997 ਅੰਕ ਡਿੱਗ ਗਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ 294 ਅੰਕਾਂ ਤੱਕ ਫਿਸਲ ਗਿਆ। ਜ਼ਿਕਰਯੋਗ ਹੈ ਕਿ ਸਾਲ 2022 ਦੀ ਸ਼ੁਰੂਆਤ ਤੋਂ ਬਾਅਦ ਡੇਢ ਮਹੀਨੇ ਦੇ ਅੰਦਰ ਸੈਂਸੈਕਸ 'ਚ ਇਹ ਤੀਜੀ ਸਭ ਤੋਂ ਵੱਡੀ ਗਿਰਾਵਟ ਹੈ।
ਸ਼ੁੱਕਰਵਾਰ ਨੂੰ ਬਾਜ਼ਾਰ 'ਚ ਆਈ ਭਾਰੀ ਗਿਰਾਵਟ ਦੇ ਮੁੱਖ ਕਾਰਨ ਦੀ ਗੱਲ ਕਰੀਏ ਤਾਂ ਅਮਰੀਕਾ 'ਚ ਮਹਿੰਗਾਈ ਆਂਕੜਿਆਂ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ, ਜੋ 40 ਸਾਲ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ 'ਚ ਮਹਿੰਗਾਈ ਦਰ 7.5 ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਮਾਰਚ ਤੋਂ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਵਧ ਗਈ ਹੈ, ਇਸ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੀ ਸੰਭਾਵਨਾ ਕਾਰਨ ਗਲੋਬਲ ਬਾਜ਼ਾਰਾਂ ਦੇ ਨਾਲ-ਨਾਲ ਘਰੇਲੂ ਬਾਜ਼ਾਰ 'ਚ ਵੀ ਗਿਰਾਵਟ ਆ ਸਕਦੀ ਹੈ।
ਕੋਰੋਨਾ ਦੌਰ ਵਿੱਚ ਸਭ ਤੋਂ ਵੱਡੀ ਗਿਰਾਵਟ
ਸਾਲ 2020 'ਚ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ ਕਈ ਵਾਰ ਡਿੱਗਿਆ ਹੈ। ਸੈਂਸੈਕਸ ਨੇ ਮਹਾਮਾਰੀ ਦੇ ਦੌਰਾਨ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਹੈ। ਇਨ੍ਹਾਂ ਵਿੱਚ ਸਭ ਤੋਂ ਵੱਡੀ ਗਿਰਾਵਟ 23 ਮਾਰਚ 2020 ਨੂੰ ਆਈ ਜਦੋਂ ਸੈਂਸੈਕਸ 3934 ਅੰਕ ਟੁੱਟ ਗਿਆ। ਇਸ ਤੋਂ ਬਾਅਦ ਕਈ ਅਜਿਹੇ ਮੌਕੇ ਆਏ ਜਦੋਂ ਸੈਂਸੈਕਸ ਨੇ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਹ ਰੁਝਾਨ 2022 ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਡੇਢ ਮਹੀਨੇ ਵਿੱਚ ਕਈ ਵਾਰ ਟੁੱਟ ਗਿਆ ਹੈ, ਇਸ ਦੌਰਾਨ ਇਸ ਵਿੱਚ ਤਿੰਨ ਵੱਡੀਆਂ ਗਿਰਾਵਟ ਦੇਖਣ ਨੂੰ ਮਿਲੀ ਹੈ।
ਮਿਤੀ ਸਾਲ ਗਿਰਾਵਟ
12 ਮਾਰਚ 2020 2919
16 ਮਾਰਚ 2020 2713
23 ਮਾਰਚ 2020 3934
4 ਮਈ 2020 2002
18 ਮਈ 2020 1068
26 ਫਰਵਰੀ 2021 1939
12 ਅਪ੍ਰੈਲ 2021 1707
26 ਨਵੰਬਰ 2021 1687
24 ਜਨਵਰੀ 2022 1546
07 ਫਰਵਰੀ 2022 1024
11 ਫਰਵਰੀ 2022 997